ਪੰਜਾਬ ਬਚਾਉਣੈ ਹੀ ਸੁਣਾਈ ਦਿੰਦੈ, ਕਿਉਂ ਤੇ ਕਿਵੇਂ ਬਚਾਉਣੈ, ਇਸ ਦੀ ਗੱਲ ਨਹੀਂ ਹੋ ਰਹੀ-ਜੂਝਦਾ ਪੰਜਾਬ

ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਨਾਮਵਰ ਸਖਸ਼ੀਅਤਾਂ ਵਲੋਂ ਪੰਜਾਬ ਦੇ ਮੁੱਦਿਆ ਪ੍ਰਤੀ ਗੰਭੀਰ ਹੁੰਦੇ 'ਜੂਝਦਾ ਪੰਜਾਬ' ਨਾਮੀ ਮੰਚ ਦੀ ਸਥਾਪਨਾ ਕੀਤੀ ਗਈ | ਇਸ ਮੌਕੇ ਪ੍ਰਸਿੱਧ ਗਾਇਕ ਤੇ ਅਦਾਕਾਰ ਬੱਬੂ ਮਾਨ, ਰਣਜੀਤ ਬਾਵਾ, ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਅਮਿਤੋਜ ਮਾਨ, ਅਦਾਕਾਰਾ ਗੁਲ ਪਨਾਗ, ਗਿਆਨੀ ਕੇਵਲ ਸਿੰਘ, ਖੇਤੀ ਮਾਹਿਰ ਦਵਿੰਦਰ ਸ਼ਰਮਾ, ਡਾ. ਬਲਵਿੰਦਰ ਸਿੰਘ ਸਿੱਧੂ, ਪੱਤਰਕਾਰ ਸਬਰਜੀਤ ਧਾਲੀਵਾਲ, ਦੀਪਕ ਸ਼ਰਮਾ ਚਨਾਰਥਲ, ਹਮੀਰ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ, ਜੱਸ ਬਾਜਵਾ, ਰਵਿੰਦਰ ਕੌਰ ਭੱਟੀ, ਜੱਸਾ ਭੱਟੀ ਆਦਿ ਨੇ ਸ਼ਮੂਲੀਅਤ ਕੀਤੀ | 'ਜੂਝਦਾ ਪੰਜਾਬ' ਮੰਚ ਵਲੋਂ ਆਪਣੇ ਏਜੰਡੇ 'ਚ ਔਰਤਾਂ ਨੂੰ ਚੋਣਾਂ ਵਿਚ 33 ਫੀਸਦੀ ਸੀਟਾਂ ਦੇਣ ਦੀ ਗੱਲ ਕੀਤੀ ਗਈ | ਇਸ ਮੌਕੇ ਕਿਸਾਨ ਅੰਦੋਲਨ ਦੀ ਗੱਲ ਕਰਦਿਆਂ ਸਾਰਿਆਂ ਵਲੋਂ ਪਾਏ ਸਹਿਯੋਗ ਦਾ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਦੀ ਧਰਤੀ ਖਾਲੀ ਹੁੰਦੀ ਜਾ ਰਹੀ ਹੈ, ਨੌਜਵਾਨ ਵਿਦੇਸ਼ਾਂ ਨੂੰ ਭੱਜ ਰਹੇ ਹਨ | ਇਸ ਮੌਕੇ ਬੱਬੂ ਮਾਨ ਨੇ ਕਿਹਾ ਕਿ ਆਪਣੀ ਹੋਂਦ ਤੇ ਖੇਤੀਬਾੜੀ ਨੂੰ ਬਚਾਉਣ ਲਈ ਦਿੱਲੀ ਸਰਹੱਦਾਂ 'ਤੇ ਨੌਜਵਾਨਾਂ ਨੇ ਆਪਣੀ ਭਰਵੀ ਹਾਜ਼ਰੀ ਦੇ ਨਾਲ-ਨਾਲ ਜੋ ਉਹ ਅੰਦੋਲਨ ਲਈ ਕਰ ਸਕੇ, ਜੀਅ-ਜਾਨ ਨਾਲ ਕੀਤਾ | ਗਾਇਕਾਂ ਨੇ ਅੰਦੋਲਨ ਨਾਲ ਸਬੰਧਤ ਗੀਤ ਗਾ ਕੇ ਲੋਕਾਂ 'ਚ ਜੋਸ਼ ਪੈਦਾ ਕਰਨ ਦੇ ਨਾਲ ਨਾਲ ਗੀਤਾਂ ਦੀ ਨੁਹਾਰ ਵੀ ਬਦਲੀ | ਗਾਇਕ ਰਣਜੀਤ ਬਾਵਾ ਨੇ ਕਿਹਾ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਪੰਜਾਬ ਦੀਆਂ ਗੱਲਾਂ ਤੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ | ਗਿਆਨੀ ਕੇਵਲ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਦਾ ਨੌਜਵਾਨ ਸਦਾ ਹੀ ਪੰਜਾਬ ਦੀ ਖਿਦਮਤ ਕਰਨਾ ਚਾਹੁੰਦੈ | ਇਸ ਮੌਕੇ 'ਜੂਝਦਾ ਪੰਜਾਬ' ਤੇ ਆਪਣੇ ਏਜੰਡੇ 'ਤੇ ਗੱਲ ਕਰਦਿਆਂ ਕਿਹਾ ਕਿ 'ਹਰ ਪਾਸੇ ਪੰਜਾਬ ਬਚਾਉਣੈ ਹੀ ਸੁਣਾਈ ਦਿੰਦਾ ਹੈ, ਕਿੳਾੁ ਅਤੇ ਕਿਵੇਂ ਬਚਾਉਣਾ ਹੈ, ਇਸ ਦੀ ਤਾਂ ਗੱਲ ਹੀ ਨਹੀਂ ਹੋ ਰਹੀ | ਮੰਚ ਨੇ ਆਪਣੇ 32 ਨੁਕਤੀ ਏਜੰਡੇ 'ਚ ਪੰਜਾਬ ਦੇ ਮੁੱਖ ਮੁੱਦਿਆਂ ਨੂੰ ਉਭਾਰਿਆ | ਮਗਨਰੇਗਾ ਕਾਨੂੰਨ ਨੂੰ ਵੀ ਸਹੀ ਭਾਵਨਾ ਨਾਲ ਲਾਗੂ ਕਰਨਾ ਵੀ ਏਜੰਡੇ 'ਚ ਸ਼ਾਮਿਲ ਕੀਤਾ ਗਿਆ | ਬਿਜਲੀ, ਵਾਤਾਵਰਣ, ਖੇਡਾਂ, ਕਲਾ ਅਤੇ ਸਾਹਿਤ, ਸ਼ਹਿਰੀ ਵਿਕਾਸ, ਦਰਿਆਈ ਪਾਣੀ, ਟੋਲ ਪਲਾਜ਼ੇ, ਰੋਜ਼ਗਾਰ ਅਤੇ ਸਮਾਜਿਕ ਸੁਰੱਖਿਆ ਆਦਿ ਦੇ ਮੁੱਦੇ ਵੀ ਛੋਹੇ ਹਨ | ਇਸ ਮੌਕੇ ਦਵਿੰਦਰ ਸ਼ਰਮਾ, ਹਮੀਰ ਸਿੰਘ, ਦੀਪਕ ਸ਼ਰਮਾ ਚਨਾਰਥਲ, ਡਾ. ਬਲਵਿੰਦਰ ਸਿੱਧੂ, ਅਦਾਕਾਰ ਗੁਲ ਪਨਾਗ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ |