ਗੁਜਰਾਤ ਚੋਣਾਂ ਵਿਚ ਫਾਇਦਾ ਲੈਣ ਲਈ ਗੋਲਡੀ ਬਰਾੜ ਦੇ ਫੜੇ ਜਾਣ ਦੇ ਮਾਮਲੇ ਵਿਚ ਮਾਨ ਨੇ ਝੂਠ ਬੋਲਿਆ : ਮਜੀਠੀਆ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦੇ ਫੜੇ ਜਾਣ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਿਆ ਹੈ। ਮਜੀਠੀਆ ਨੇ ਕਿਹਾ ਕਿ ਗੁਜਰਾਤ ਚੋਣਾਂ ਵਿਚ ਫਾਇਦਾ ਲੈਣ ਲਈ ਗੋਲਡੀ ਬਰਾੜ ਦੇ ਫੜੇ ਜਾਣ ਦੇ ਮਾਮਲੇ ਵਿਚ ਮਾਨ ਨੇ ਝੂਠ ਬੋਲਿਆ ਹੈ। ਅਜੇ ਤਕ ਨਾ ਤਾਂ ਕੇਂਦਰ ਤੇ ਨਾ ਹੀ ਕਿਸੇ ਵੱਡੀ ਜਾਂਚ ਏਜੰਸੀ ਨੇ ਬਰਾੜ ਦੇ ਫੜੇ ਜਾਣ ਦੀ ਪੁਸ਼ਟੀ ਕੀਤੀ ਹੈ। ਜੇਕਰ ਇਸ ਗੱਲ ਵਿਚ ਸਚਾਈ ਹੈ ਤਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਇਸ ਗੱਲ ਦੇ ਤੱਥਾਂ ਦੇ ਨਾਲ ਪੁਸ਼ਟੀ ਕਰਨ ਕਿ ਬਰਾੜ ਨੂੰ ਫੜਿਆ ਜਾ ਚੁੱਕਾ ਹੈ। ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਨਾ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਹੈ। ਪੰਜਾਬ ਵਿਚ ਪਿਛਲੇ ਅੱਠ ਮਹੀਨਿਆਂ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ ਬੇਹੱਦ ਖਰਾਬ ਹੈ, ਇਸ ਲਈ ਮਾਨ ਨੇ ਆਪਣੀ ਸਾਖ ਬਚਾਉਣ ਲਈ ਅਜਿਹਾ ਬਿਆਨ ਦਿੱਤਾ। ਜ਼ਿਕਰਯੋਗ ਹੈ ਕਿ ਗੋਲਡੀ ਬਰਾੜ ਦੀ ਬੀਤੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਕੈਲੀਫੋਰਨੀਆ ਵਿਚ ਹਿਰਾਸਤ ਵਿਚ ਲਏ ਜਾਣ ਦੀ ਗੱਲ ਸਾਹਮਣੇ ਆਈ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਗੋਲਡੀ ਬਰਾੜ ਨੂੰ ਜਲਦ ਪੰਜਾਬ ਲਿਆਉਣ ਦੀ ਗੱਲ ਕੀਤੀ ਸੀ। ਗੋਲਡੀ ਬਰਾੜ ਸਿੱਧੂ ਮੂਸੇਵਾਲਾ ਹੱਤਿਆਕਾਂਡ ਦਾ ਮੁੱਖ ਮੁਲਜ਼ਮ ਹੈ। ਸਿੱਧੂ ਦੀ ਹੱਤਿਆ ਤੋਂ ਬਾਅਦ ਗੋਲਡੀ ਬਰਾੜ ਨੇ ਇੰਟਰਨੈੱਟ ਮੀਡੀਆ ’ਤੇ ਕਤਲ ਦੀ ਜ਼ਿੰਮੇਦਾਰੀ ਲਈ ਸੀ।