SGPC ਦੀਆਂ ਚੋਣਾਂ ‘ਚ ਵੀ ਹੋ ਸਕਦੈ ਕੇਜਰੀਵਾਲ ਦਾ ਬੋਲਬਾਲਾ, ਉੱਥੇ ਸੁਚੇਤ ਰਹਿਣ ਦੀ ਲੋੜ : ਪ੍ਰਕਾਸ਼ ਸਿੰਘ ਬਾਦਲ

 

ਵਿਧਾਨ ਸਭਾ ਚੋਣਾਂ ਚ ਮਿਲੀ ਹਾਰ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਚੋਣਾਂ ਨੂੰ ਲੈ ਕੇ ਚਿੰਤਤ ਹਨ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਪਿਛਲੇ ਕਈ ਸਾਲਾਂ ਤੋਂ ਪੈਂਡਿੰਗ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਵੀਰਵਾਰ ਨੂੰ ਲੰਬੀ ਦੇ ਵੱਖ-ਵੱਖ ਪਿੰਡਾਂ ਦੇ ਧੰਨਵਾਦੀ ਦੌਰੇ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਗੁਰਦੁਆਰਿਆਂ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਵਿੱਚ ਹੈ। ਬਾਦਲ ਨੇ ਲੋਕਾਂ ਨੂੰ ਕਿਹਾ ਕਿ ਉਹ ਦੂਜੀਆਂ ਚੋਣਾਂ ਵਿੱਚ ਚਾਹੇ ਕਿਸ ਨੂੰ ਵੋਟ ਪਾ ਦੇਣ, ਇਹ ਤੁਹਾਡੀ ਮਰਜ਼ੀ ਹੈ, ਪਰ ਗੁਰਦੁਆਰਿਆਂ ਬਾਰੇ ਉਨ੍ਹਾਂ ਨੂੰ ਹੀ ਸੋਚਣਾ ਪਵੇਗਾ ।

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਦਾ ਨਿਜ਼ਾਮ ਗੈਰਾਂ ਦੇ ਹੱਥਾਂ ਵਿੱਚ ਨਹੀਂ ਜਾਣਾ ਚਾਹੀਦਾ। ਜੇਕਰ ਅਜਿਹਾ ਹੁੰਦਾ ਹੈ ਤਾਂ ਗੁਰੂਘਰ ਵਿੱਚ ਵੀ ਕੇਜਰੀਵਾਲ ਦਾ ਹੀ ਬੋਲਬਾਲਾ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਵੱਲੋਂ ਇੱਕ ਚੇਤਾਵਨੀ ਸੀ। ਬਾਦਲ ਨੇ ਕਿਹਾ ਕਿ ਸਰਕਾਰਾਂ ਝੂਠ ਬੋਲਣ ਜਾਂ ਝੂਠੀਆਂ ਸਹੁੰਆਂ ਖਾ ਕੇ ਬਣ ਜਾਂਦੀਆਂ ਹਨ । ਲੋਕ ਅਜਿਹੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੇ ਹਨ। ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਝੂਠ ਬੋਲ ਕੇ ਸਰਕਾਰ ਬਣਾਈ ਸੀ।

ਉਨ੍ਹਾਂ ਕਿਹਾ ਕਿ ਹੁਣ ਵੀ ਸੂਬੇ ਵਿੱਚ ਗਲਤ ਪ੍ਰਚਾਰ ਕਰਕੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਇੰਟਰਨੈੱਟ ਮੀਡੀਆ, ਯੂ-ਟਿਊਬ ਆਦਿ ਤੇ ਗਲਤ ਪ੍ਰਚਾਰ ਕਰਕੇ ਹੀ ਆਪਦੀ ਸਰਕਾਰ ਬਣੀ ਹੈ। ਅਸਲ ਵਿੱਚ ਸੂਬੇ ਵਿੱਚ ਜੇਕਰ ਕਿਸੇ ਸਰਕਾਰ ਨੇ ਸਹੀ ਕੰਮ ਕੀਤਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈ। ਅਕਾਲੀ ਦਲ ਦੇ ਆਗੂਆਂ ਨੇ ਹਮੇਸ਼ਾ ਰਾਜ ਅਤੇ ਹਿੰਦੁਸਤਾਨ ਨਾਲ ਹੋਈ ਬੇਇਨਸਾਫ਼ੀ ਵਿਰੁੱਧ ਲੜਾਈ ਲੜੀ ਹੈ ।