ਕਿਸਾਨ ਮੋਰਚੇ ਤੋਂ ਅੱਕੇ ਹੁਣ ਅੰਬਾਨੀ-ਅਡਾਨੀ ਪੰਜਾਬ ਛੱਡਣਗੇ !!

ਕੇਂਦਰ ਵੱਲੋਂ ਕਿਸਾਨਾਂ ਉੱਤੇ ਥਾਪੇ ਕਾਲੇ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂੰਹਾਂ ‘ਤੇ ਪਿਛਲੇ ਪੌਣੇ ਸਾਲ ਤੋਂ ਬੈਠੇ ਪੰਜਾਬ ਦੇ ਕਿਸਾਨਾਂ ਵੱਲੋਂ ਕਾਰ- ਪੋਰੇਟਰਾਂ ਵਿਰੁੱਧ ਖੋਲ੍ਹੇ ਮੋਰਚੇ ਤੋਂ ਅੱਕੇ ਅਡਾਨੀ ਗੁਰੱਪ ਨੇ ਪੰਜਾਬ ਵਿੱਚੋਂ ਆਪਣਾ ਕਾਰੋਬਾਰ ਸਮੇਟਣਾ ਸ਼ੁਰੂ ਕਰ ਦਿੱਤਾ ਹੈ । ਜਾਣਕਾਰ ਸੂਤਰਾਂ ਅਨੁਸਾਰ ਕੰਪਨੀ ਨੇ ਲੁਧਿਆਣਾ ਵਿੱਚ ਪੈਂਦੇ ਕਿਲ੍ਹਾ ਰਾਏਪੁਰ ਸਥਿਤ ਖੁਸ਼ਕ ਬੰਦਰਗਾਹ ਦੇ ਮੁੱਖ ਗੇਟ ਤੋਂ ਕੰਪਨੀ ਦਾ ਬੋਰਡ ਵੀ ਹਟਾ ਦਿੱਤਾ ਹੈ ਅਤੇ ਉੱਥੇ ਤਕਰੀਬਨ 50 ਦੇ ਕਰੀਬ ਆਪਣੇ ਪੱਕੇ ਮੁਲਾਜ਼ਮਾਂ ਦੀ ਛੁੱਟੀ ਕਰ ਦਿੱਤੀ ਹੈ । ਪਰ ਦੂਜੇ ਪਾਸੇ ਕਾਲੇ ਖੇਤੀ ਕਾਨੂੰਨੀ ਵਿਰੁੱਧ ਧਰਨੇ ‘ਤੇ ਬੈਠੇ ਕਿਸਾਨ ਸੰਯੁਕਤ ਕਿਸਾਨ ਮੋਰਚਾ ਅਤੇ ਜਮਹੂਰੀ ਕਿਸਾਨ ਸਭਾ ਦੇ ਸਟੇਟ ਆਗੂ ਜਗਤਾਰ ਸਿੰਘ ਚਕੋਹੀ, ਸ਼ਹੀਦ ਭਗਤ ਸਿੰਘ ਨੌਜੁਆਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸੁਰਜੀਤ ਸਿੰਘ ਸੀਲੋਂ ਨੇ ਅਡਾਨੀ ਗਰੁੱਪ ਵੱਲੋਂ ਕੱਢੇ ਗਏ ਮੁਲਾਜ਼ਮਾਂ ਪ੍ਰਤੀ ਹਮਦਰਦੀ ਜਾਹਰ ਕਰਦੇ ਹੋਏ ਬਿਨਾ ਨੋਟਿਸ ਜਾਰੀ ਕੀਤਿਆਂ ਆਪਣੇ ਕਾਮਿਆਂ ਨੂੰ ਫ਼ਾਰਗ ਕਰਨ ‘ਤੇ ਅਡਾਨੀਆਂ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ।

ਜਿਕਰਯੋਗ ਹੈ ਕਿ ਕਿਲ੍ਹਾ ਰਾਏਪੁਰ ਸਥਿੱਤ ਖ਼ੁਸ਼ਕ ਬੰਦਰਗਾਹ ਦੇ ਅਧਿਕਾਰੀਆਂ ਨੇ ਅਡਾਨੀ ਗਰੁੱਪ ਦਾ ਕਾਰੋਬਾਰ ਬੰਦ ਕਰਨ ਦਾ ਖੰਡਨ ਕੀਤਾ ਹੈ, ਜਿਸ ਕਰਕੇ ਬੰਦਰਗਾਹ ਦੇ ਮੁੱਖ ਗੇਟ ਤੋਂ ਕੰਪਨੀ ਦੇ ਨਾਮ ਦਾ ਬੋਰਡ ਵੀ ਹਟਾ ਦਿੱਤਾ ਹੈ । ਮਿਲੀ ਜਾਣਕਾਰੀ ਅਨੁਸਾਰ ਅਦਾਲਤ ਵੱਲੋਂ ਕਾਨੂੰਨੀ ਸਹਾਰਾ ਮਿਲਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਮੱਦਦ ਨਾ ਕੀਤੇ ਜਾਣ ਕਾਰਨ ਕੰਪਨੀ ਵੱਲੋਂ ਚੋਰ ਮੋਰੀ ਰਾਹੀਂ ਚਲਾਉਣ ਦੇ ਹੀਲੇ ਵਸੀਲੇ ਆਰੰਭ ਕਰ ਦਿੱਤੇ ਹਨ, ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਅਡਾਨੀਆਂ ਦੀ ਪਿਛਲੇ ਦਰਵਾਜ਼ਿਓਂ ਕਾਰੋਬਾਰ ਚਲਾਉਣ ਦੀ ਚਾਲ ਨੂੰ ਕਿਸੇ ਹੀਲੇ ਵੀ ਸਫ਼ਲ ਨਹੀਂ ਹੋਣ ਦੇਣਗੇ ।