ਵਰਿਆਮ ਸੰਧੂ ਦੇ ਅੰਗ-ਸੰਗ : ਗੁਰਭਜਨ ਗਿੱਲ

  • 44ਸਾਲ ਪਹਿਲਾਂ ਵਰਿਆਮ ਸਿੰਘ ਸੰਧੂ ਬਾਰੇ ਨਵਾਂ ਜ਼ਮਾਨਾ ਵਿੱਚ ਛਪਿਆ ਲੇਖ ਪੇਸ਼ ਹੈ। ਇਸ ਨੂੰ ਉਦੋਂ ਦੇ ਮੈਗਜ਼ੀਨ ਸੰਪਾਦਕ ਲਖਵਿੰਦਰ ਜੌਹਲ ਨੇ ਛਾਪਿਆ ਸੀ। 

ਵਰਿਆਮ ਸੰਧੂ ਬਾਰੇ ਕਿੱਥੋਂ ਗੱਲ ਤੋਰਾਂ, ਮੈਨੂੰ ਸਮਝ ਹੀ ਨਹੀਂ ਲੱਗਦੀ। ਮੇਰੇ ਲਈ ਵਰਿਆਮ ਉਹ ਅਣਬੁੱਝ ਬੁਝਾਰਤ ਹੈ ਜਿਹਦਾ ਹੱਲ ਪਿਛਲੇ ਸਫੇ ਤੇ ਮੂਧੇ ਮੂੰਹ ਨਹੀਂ ਲਿਖਿਆ  ਹੋਇਆ। ਕਈ ਵਰ੍ਹੇ ਪਹਿਲਾਂ ਪੰਜਾਬੀ ਸਾਹਿਤ ਸਭਾ ਧਿਆਨਪੁਰ (ਗੁਰਦਾਸਪੁਰ)ਵੱਲੋਂ ਕਰਵਾਈ ਗਈ ਕਹਾਣੀ ਗੋਸ਼ਟੀ ‘ਚ ਵਰਿਆਮ ਜਦੋਂ ਆਪਣੀ ਕਹਾਣੀ ‘ਡੁੰਮ੍ਹ’ ਪੜ੍ਹ  ਰਿਹਾ ਸੀ ਤਾਂ ਮੇਰੇ ਇਲਾਕੇ ਦੇ ਅਧਿਆਪਕ ਸਾਥੀ ਤਰਲੋਕ ਸਿੰਘ ਢਿੱਲੋ ਤੇ ਕਰਮ ਸਿੰਘ ਖਹਿਰਾ ਪੁੱਛ ਰਹੇ ਸਨ, “ਭਲਾ ਇਹਨੂੰ ਪੁੱਛਿਓ, ਇਹ ਉਹੀ ਵਰਿਆਮ ਤਾਂ ਨਹੀਂ ਜਿਹੜਾ ਸਾਡੇ ਨਾਲ ਸਰਹਾਲੀ ਜੇਬੀਟੀ ਕਰਦਾ ਹੁੰਦਾ ਸੀ?” ਵਰਿਆਮ ਦੇ ਪੁਰਾਣੇ ਸਹਿਪਾਠੀ ਦੱਸ ਰਹੇ ਸਨ ਇਹ ਬੜਾ ਤਗੜਾ ਅਥਲੀਟ ਹੁੰਦਾ ਸੀ। ਗਵੱਈਆ ਇੱਕ ਨੰਬਰ ਦਾ। 
ਮੈਨੂੰ ਇਹ ਗੱਲ ਸੱਚੀ ਨਹੀਂ ਸੀ ਜਾਪ ਰਹੀ। ਵਰਿਆਮ ਰੁਖ਼ ਚੱਜ ਵੱਲੋਂ ਕਿਸੇ ਵੀ ਤਰ੍ਹਾਂ ਅਥਲੀਟ ਨਹੀਂ ਸੀ ਦਿਸਦਾ। ਕਰਖ਼ਤ  ਚਿਹਰੇ ਵੱਲੋਂ ਗਵੱਈਆ ਵੀ  ਨਹੀਂ ਸੀ ਜਾਪਦਾ। ਮੇਰੇ ਪੁੱਛਣ ਤੇ ਵਰਿਆਮ ਨੇ ਇਹ ਗੱਲ ਤਸਦੀਕ ਕਰ ਦਿੱਤੀ ਕਿ ਉਹ ਅਥਲੀਟ ਵੀ ਰਿਹਾ ਹੈ… ਗਵਈਆ ਵੀ। 
ਉਸ ਸ਼ਾਮ ਉਹਦੇ ਮੂੰਹੋਂ ਇੱਕ ਗੀਤ, “ਲਾਲੋਆਂ ਦਾ ਯਾਰ, ਦੇ ਕੇ ਭਾਗੋ ਨੂੰ ਵੰਗਾਰ, ਗੱਲ ਸੱਚ ਦੀ ਕਹੇ!” 
ਸੁਣ ਕੇ ਮੈਨੂੰ ਸੱਚ ਮੰਨਣਾ ਪਿਆ ਕਿ ਵਰਿਆਮ ਗਾ ਸਕਦਾ ਹੈ।
ਵਰਿਆਮ ਸੰਧੂ ਪਹਿਲਾਂ ਪਹਿਲ ਸ਼ਾਇਰੀ ਕਰਦਾ ਹੁੰਦਾ ਸੀ। ਇਨਕਲਾਬੀ ਕਵਿਤਾ ਦੇ ਸਮੇਂ ਉਹਦੀ ਕਵਿਤਾ ‘ਕਿਸ ਨੂੰ ਉਡੀਕਦੇ ਹੋ, 
ਗੋਬਿੰਦ ਨੇ ਹੁਣ ਪਟਨੇ ’ਚੋਂ ਨਹੀਂ ਆਉਣਾ। 
ਮਸਤਕ ਤੋਂ ਹੱਥ ਤੱਕ, 
ਏਹੋ ਰਸਤਾ ਕੇਸਗੜ੍ਹ ਦੇ ਮੈਦਾਨ ਨੂੰ ਜਾਂਦਾ ਹੈ’, 
ਮੋਹਨਜੀਤ ਨੇ ਜਦੋਂ ‘ਆਰੰਭ’ ਨਾਂ ਦੇ ਸੰਪਾਦਿਤ ਕਾਵਿ-ਸੰਗ੍ਰਹਿ ਚ ਸ਼ਾਮਿਲ ਕੀਤੀ ਤਾਂ ਲੋਕਾਂ ਦੀਆਂ ਨਜ਼ਰਾਂ ਚ ਇਹ ਵਰਿਆਮ ਹੋਰ ਸੀ। ‘ਹੇਮ ਜਯੋਤੀ’ ਵਿੱਚ ਕਹਾਣੀਆਂ ਲਿਖਣ ਵਾਲਾ ਨਹੀਂ। ਉਹਦੀ ਪਹਿਲੀ ਕਿਤਾਬ ‘ਲੋਹੇ ਦੇ ਹੱਥ’ ਜਦੋਂ ਛਪੀ ਤਾਂ ਲੋਕ ਪਵਿੱਤਰ ਲਿਖਤ  ਵਾਂਗ ਸਾਂਭ ਕੇ ਮੈਂ ਆਪ ਰੱਖਦੇ ਵੇਖੇ। ਵਿਦਿਆਰਥੀ ਜਗਤ ਵਿੱਚ ਇਸ ਗੱਲ ਦਾ ਮਿਹਣਾ ਹੁੰਦਾ ਸੀ ਜੇ ਕਿਸੇ ਨੇ ਵਰਿਆਮ ਸੰਧੂ ਦੀ ‘ਲੋਹੇ ਦੇ ਹੱਥ’, ਪਾਸ਼ ਦੀ ‘ਲੋਹ ਕਥਾ’, ਸੰਤ ਸੰਧੂ ਦੀ ‘ਸੀਸ ਤਲੀ ’ਤੇ’ ਆਦਿ ਨਾ ਪੜ੍ਹੀਆਂ ਹੋਣ। 1972 ਚ ਮੈਂ ਵੀ ਇਹ ਕਿਤਾਬ ਖਰੀਦ ਕੇ ਸਾਂਭੀ। ਉਦੋਂ ਤੀਕ ਮੈਂ ਵਰਿਆਮ ਨੂੰ ਉਕਾ ਨਹੀਂ ਸਾਂ ਜਾਣਦਾ। ‘ਕਾਲੀ ਧੁੱਪ’ ਵਰਗੀ ਕਹਾਣੀ ਪਹਿਲੇ ਸੰਗ੍ਰਹਿ ਚ ਲਿਖ ਸਕਣਾ ਕੇਵਲ ਵਰਿਆਮ ਸੰਧੂ ਦੇ ਹਿੱਸੇ ਹੀ ਆਇਆ।

 ਵਰਿਆਮ ਸੰਧੂ ਖੁਦ ਪ੍ਰਸਤ ਬੰਦਾ ਹੈ। ‘ਸਾਡੇ ਯੱਕੇ ਨੇ ਮੜਕ ਨਾਲ ਤੁਰਨਾ, ਕਾਹਲੀ ਏਂ ਤਾਂ ਰੇਲ ਚੜ੍ਹ ਜਾ। 

ਤੇਰੇ ਮਗਰ ਕਿਸੇ ਨਹੀਂ ਆਉਣਾ ਖੜੀ ਹੋ ਕੇ ਗੱਲ ਸੁਣ ਜਾ।‘ 
ਵਰਗੇ ਬੋਲਾਂ ਵਾਂਗ। ਸਾਰੀਆਂ ਜਮਾਤਾਂ ਫਸਟ ਡਿਵੀਜ਼ਨ ਚ ਪ੍ਰਾਈਵੇਟ ਹੀ ਪਾਸ ਕਰਕੇ ਵਰਿਆਮ ਜਦੋਂ ਐਮ,ਫਿਲ ਵੀ ਵਧੀਆ ਗਰੇਡ ਚ ਕਰਕੇ ਸੁਰ ਸਿੰਘ ਆਪਣੇ ਪਿੰਡ ਗਿਆ ਤਾਂ ਮੁੰਡਿਆ ਕੁੜੀਆਂ ਨੂੰ ਊੜਾ- ਊਠ, ਐੜਾ-ਅਨਾਰ, ਈੜੀ ਇਸਤਰੀ ਪੜ੍ਹਾਉਣ ਜਾਣ ਲੱਗਾ। 
ਕੋਈ ਹੋਰ ਹੁੰਦਾ ਤਾਂ ਗਲ ਚ ਫੱਟੀ ਪਾ ਕੇ ਸਾਰਾ ਦਿੱਲੀ ਦੱਖਣ ਗਾਹ ਮਾਰਦਾ ਲੜੀ ਲੈਕਚਰਾਰੀ ਪਿੱਛੇ। ਐਵੇਂ ਅਗਲੇ ਦੀਆਂ ਬੁੱਤੀਆਂ ਕਰੀ ਜਾਂਦਾ। 
ਪਰ ਵਰਿਆਮ ਦੇ ਯਾਰ ਸਾਧੂ ਭਾਜੀ ਵਰਗੇ ਜਾਣਦੇ ਨੇ ਕਿੰਨੇ ਤਰਲੇ ਕਰਕੇ, ਚਿੱਠੀਆਂ ਲਿਖ ਲਿਖ ਕੇ ਉਸ ਤੋਂ ਹੁਣ ਵਾਲੀ ਨੌਕਰੀ ਵਾਸਤੇ ਅਰਜ਼ੀ ਦਵਾਈ ਗਈ। ਆਦਰਸ਼ ਸਕੂਲਾਂ ਨੂੰ ਵਰਿਆਮ ਨਾਲੋਂ ਵਧੇਰੇ ਵਧੀਆ ਲੈਕਚਰ ਹੋਰ ਭਲਾ ਲੱਭ ਵੀ ਕਿਹੜਾ ਸਕਦਾ ਸੀ! ਕਿਸੇ ਜਾਣੂੰ ਨੇ ਦੱਸਿਆ, ਜਦੋਂ ਵਰਿਆਮ ਦਾ ਇੰਟਰਵਿਊ ਸੀ ਤਾਂ ਡਾਕਟਰ ਅਤਰ ਸਿੰਘ ਸਬਜੈਕਟ ਐਕਸਪਰਟ ਸਨ। ਬੋਰਡ ਦੇ ਮੈਂਬਰ ਸਵਾਲ ਦਰ ਸਵਾਲ ਕਰ ਰਹੇ ਸਨ। ਡਾਕਟਰ ਅਤਰ ਸਿੰਘ ਚੁੱਪ ਸਨ। ਡਾਕਟਰ ਸਾਹਿਬ ਨੇ ਕਹਿੰਦੇ ਕਿਹਾ, “ਤੁਸੀਂ ਵਰਿਆਮ ਸੰਧੂ ਨੂੰ ਕੀ ਸਵਾਲ ਕਰੋਗੇ? ਇਹ ਤਾਂ ਆਦਰਸ਼ ਸਕੂਲਾਂ ਚ ਨੌਕਰੀ ਕਰਕੇ ਤੁਹਾਡੇ ਸਿਰ ਅਹਿਸਾਨ ਕਰ ਰਿਹਾ ਹੈ। 
ਇੱਕ ਕਲਮ ਨੂੰ ਇਦੋਂ ਵੱਡੀ ਇੱਜ਼ਤ ਹੋਰ ਕਿਹੜੀ ਮਿਲ ਸਕਦੀ ਹੈ!
ਵਰਿਆਮ ਸ਼ੇਖੀ ਖੋਰਾ ਨਹੀਂ। ਆਪਣਾ ਮੂਲ ਪਛਾਣਦਾ ਹੈ। ਚੰਡੀਗੜ੍ਹ ਪੜ੍ਹਦਿਆਂ ਉਹਦੀ ਇਕ ਲੱਤ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਚ ਹੁੰਦੀ ਤੇ ਦੂਜੀ ਲੱਤ ਸੁਰ ਸਿੰਘ ਜ਼ਿਲ੍ਹਾ ਲਾਹੌਰ ਜਾਂ ਪੱਟੀ ਕਚਹਿਰੀ ਚ ਤਰੀਕ ਭੁਗਤਦੀ। ਪੰਜਾਬ ਦੇ ਨਕਸਲਬਾੜੀ ਲਹਿਰ ਦੇ ਚੜ੍ਹਾਅ ਸਮੇਂ ਤੋਂ ਲੈ ਕੇ ਪਰੂੰ-ਪਰਾਰ ਤੱਕ ਉਹਨੂੰ ਹਰ ਲਹਿਰ ਵੇਲੇ, ਹਰ ਰੰਗ ਦੀ ਸਰਕਾਰ ਗ੍ਰਿਫਤਾਰ ਕਰ ਲੈਂਦੀ ਰਹੀ ਹੈ। ਪਰ ਉਹਦੀ ਦੂਜੀ ਕਿਤਾਬ ‘ਅੰਗ ਸੰਗ’ ਦੀ ਰਚਨਾ ਚ ਅਜਿਹੀ ਨਗਨ ਸਿਆਸਤ ਦਾ ਦਖਲ ਨਹੀਂ। ਕੋਝ ਦਾ ਪਰਦਾ ਚਾਕ ਕਰਨ ਲਈ ਉਹਨੇ ਜਿਹੜਾ ਢੰਗ ਵਰਤਿਆ ਹੈ, ਉਹ ਵਿਸ਼ਲੇਸ਼ਣ ਦਾ ਢੰਗ ਹੈ। ਉਹਦੀਆਂ ਕਹਾਣੀਆਂ ‘ਕਿੱਥੇ ਗਏ’, ‘ਅਸਲੀ ਤੇ ਵੱਡੀ ਹੀਰ’, ‘ਡੁੰਮ੍ਹ’, ‘ਨਾਇਕ’, ‘ਗੁਰਮੁਖ ਸਿੰਘ’ ਆਦਿ ਵਿਚਲਾ ਵਿਸ਼ਲੇਸ਼ਣ ਪੰਜਾਬੀ ਕਹਾਣੀ ਚ ਵਿਰਲਾ ਹੀ ਮਿਲਦਾ ਹੈ। ਹਿੰਦੀ ਕਹਾਣੀ ਦੇ ਕਮਲੇਸ਼ਵਰ, ਰਮੇਸ਼ ਉਪਾਧਿਆਇ, ਇਸਮਾਈਲ ਆਦਿ ਦੇ ਮੋਢੇ ਨਾਲ ਮੋਢਾ ਜੋੜ ਕੇ ਵਰਿਆਮ ਪੰਜਾਬੀ ਚ ਖੂਬਸੂਰਤ ਕਹਾਣੀ ਲਿਖ ਰਿਹਾ ਹੈ।
ਮੈਂ ਆਪਣੇ ਕਾਲਜ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਵਿੱਚ 1977 ਚ ਜਦੋਂ ਵੀ ਕਵੀ ਦਰਬਾਰ ਕੀਤਾ ਤਾਂ ਵਰਿਆਮ ਬਤੌਰ ਸ਼ਾਇਰ ਹਾਜ਼ਰ ਸੀ। 1980 ਦੇ ਮਾਰਚ ਮਹੀਨੇ ਕਹਾਣੀ ਗੋਸ਼ਟੀ ਚ ਉਹ ਬਤੌਰ ਕਹਾਣੀਕਾਰ ਹਾਜ਼ਰ ਸੀ। ਮੈਂ ਅਗਲੇ ਵਰ੍ਹੇ ਦੀ ਉਡੀਕ ਚ ਹਾਂ, ਜਦੋਂ ਉਹ ਸਾਡੇ ਕਾਲਜ ਵਿੱਚ ਆ ਕੇ ਦੱਸੇਗਾ, ‘ਮੇਰੇ ਨਾਵਲ ਦੇ ਪਾਤਰ’। ਉਹ ਨਾਵਲ ਲਿਖਣ ਦਾ ਵਿਚਾਰ ਲੰਮੇ ਸਮੇਂ ਤੋਂ ਢਾਹ ਬਣਾ ਰਿਹਾ ਹੈ।

ਮੇਰੀ ਕਿਤਾਬ ਸ਼ੀਸ਼ਾ ਝੂਠ ਬੋਲਦਾ ਹੈ ਨੂੰ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਪੁਰਸਕਾਰ ਮਿਲਿਆਤਾਂ ਮੈਂ ਐਵੇਂ ਵਰਿਆਮ ਸਾਹਮਣੇ ਕਹੀ ਜਾਵਾਂ ਇਹ ਇਨਾਮ ਤਾਂ ਐਵੇਂ ਹੁੰਦੇ ਨੇ। ਮੈਨੂੰ ਕੋਈ ਖਾਸ ਖੁਸ਼ੀ ਨਹੀਂ। ਪਰ ਵਰਿਆਮ ਦਾ ਫਟ ਜਵਾਬ ਇਹ ਸੀ, “ਯਾਰ ਇਨਾਮ ਦੀਆਂ ਤਾਂ ਜੁੱਤੀਆਂ ਵੀ ਮਾੜੀਆਂ ਨਹੀਂ ਹੁੰਦੀਆਂ।“ ਇਹ ਤਾਂ 500 ਰੁਪਿਆ ਆ। ਇੱਕ ਪੱਖਾ ਹੀ ਕਮਰੇ ’ਚ ਲਵਾ ਲਵੀਂ।“

 ਵਰਿਆਮ ਸੰਧੂ ਦੀ ਸਾਦਗੀ ਉਹਦੀ ਖੂਬਸੂਰਤੀ ਹੈ। ਜਿਵੇਂ ਪੰਜਾਬੀ ਕਵਿਤਾ ਸੁਰਜੀਤ ਪਾਤਰ ਵੱਲ, ਪੰਜਾਬੀ ਨਾਟਕ ਅਜਮੇਰ ਔਲਖ ਤੇ ਆਤਮਜੀਤ ਵੱਲ ਵੇਖ ਰਹੇ ਹਨ ਪੰਜਾਬੀ ਕਹਾਣੀ ਵਰਿਆਮ ਸੰਧੂ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਵੇਖ ਰਹੀ ਹੈ।

Add new comment