ਮਸਕਟ ਵਿੱਚ ਫਸੀ ਔਰਤ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਤਿੰਨ ਮਹੀਨਿਆਂ ਬਾਅਦ ਪਰਤੀ ਪੰਜਾਬ

ਨਵੀਂ ਦਿੱਲੀ, 28 ਮਾਰਚ : ਮਸਕਟ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਫਸੀ ਸਵਰਨਜੀਤ ਕੌਰ ਅੱਜ ਤੜਕੇ ਦਿੱਲੀ ਦੇ ਕੌਮਾਂਤਰੀ ਏਅਰਪੋਰਟ ਪਹੁੰਚੀ ਜਿਸ ਨੂੰ ਲੈਣ ਲਈ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਆਪ ਦਿੱਲੀ ਏਅਰਪੋਰਟ ਪਹੁੰਚੇ। ਮੋਗੇ ਸ਼ਹਿਰ ਦੀ ਰਹਿਣ ਵਾਲੀ ਸਵਰਨਜੀਤ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੀ ਉਸ ਦੀ ਪਤਨੀ ਅੱਕ ਤਿੰਨ ਮਹੀਨਿਆਂ ਬਾਅਦ ਆਪਣੇ ਪਰਿਵਾਰ ਵਿੱਚ ਪਹੁੰਚੀ ਹੈ। ਉਸ ਨੇ ਦੱਸਿਆ ਕਿ ਟ੍ਰੈਵਲ ਏਜੰਟਾਂ ਨੇ ਉਸ ਦੀ ਪਤਨੀ ਸਵਰਨਜੀਤ ਕੌਰ ਨੂੰ ਦੁਬਈ ਵਿੱਚ ਘਰੇਲੂ ਕੰਮ ਦੁਆਉੇਣ ਦਾ ਝਾਸਾਂ ਦੇ ਕੇ ਮਸਕਟ ਵਿੱਚ ਜਾ ਫਸਾ ਦਿੱਤਾ ਸੀ। ਸਵਰਨਜੀਤ ਕੌਰ ਦਾ ਕਹਿਣਾ ਸੀ ਕਿ ਘਰ ਦੀਆਂ ਆਰਥਿਕ ਤੰਗੀਆਂ ਕਾਰਨ ਹੀ ਉਹ ਤਿੰਨ ਮਹੀਨੇ ਪਹਿਲਾਂ  ਮਸਕਟ ਗਈ ਸੀ। ਉਸ ਦੀਆਂ ਚਾਰ ਧੀਆਂ ਹਨ ਤੇ ਇੱਕ ਪੁੱਤਰ ਹੈ। ਉਸ ਕੋਲ ਤਾਂ ਵਾਪਸ ਘਰ ਆਉਣ ਲਈ ਟਿਕਟ ਦੇ ਪੈਸੇ ਤੱਕ ਨਹੀਂ ਸਨ। ਉਸਨੇ ਦੱਸਿਆ ਕਿ ਉਸ ਵੱਲੋਂ ਉੱਥੇਂ ਬੀਮਾਰ ਹੋਣ ਕਾਰਨ ਆਪਣੀ ਬੇਵੱਸੀ ਜ਼ਾਹਿਰ ਕਰਦਿਆ ਵਾਪਸ ਪੰਜਾਬ ਜਾਣ ਦੀ ਇੱਛਾ ਵੀ ਜਿਤਾਈ, ਪਰ ਟ੍ਰੈਵਲ ਏਜੰਟ ਉਸ ਨੂੰ ਵਾਪਿਸ ਨਹੀ ਸੀ ਆਉਣ ਦੇ ਰਹੇ। ਪਰ ਉਹ ਜਿਵੇਂ ਨਾ ਕਿਵੇਂ ਭਾਰਤੀ ਐਬੰਸੀ ਵਿੱਚ ਪਹੁੰਚਣ ਵਿੱਚ ਸਫਲ ਹੋ ਗਈ ਸੀ। ਚੰਡੀਗੜ੍ਹ ਵਿੱਚ ਰਹਿੰਦੇ ਐਡਵੋਕੇਟ ਗੁਰਭੇਜ ਸਿੰਘ ਰਾਹੀ ਉਸ ਦੇ ਪਤੀ ਕੁਲਦੀਪ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਸੀ। ਜਿਸ 'ਤੇ ਸੰਤ ਸੀਚੇਵਾਲ ਨੇ ਜਿੱਥੇ ਵਿਦੇਸ਼ ਮੰਤਰਾਲੇ ਰਾਹੀ ਉਨ੍ਹਾਂ ਦੀ ਮੱਦਦ ਕੀਤੀ ਉਥੇ ਹੀ ਹੀ ਮਸਕਟ ਵਿੱਚ ਭਾਰਤੀ ਦੂਤਾਵਾਸ ਦੇ ਕਹਿਣ ‘ਤੇ ਟਿਕਟ ਦਾ ਸਾਰਾ ਖਰਚਾ ਚੁੱਕਿਆ ਸੀ ਤੇ 16 ਮਾਰਚ ਦੀ ਟਿਕਟ ਬਣਾ ਕੇ ਭੇਜੀ ਵੀ ਸੀ। ਪਰ ਭਾਰਤੀ ਦੂਤਾਵਾਸ ਵੱਲੋਂ ਉਸਨੂੰ ਨਹੀ ਸੀ ਭੇਜਿਆ ਗਿਆ। ਜਿਸਦਾ ਜੁਆਬ ਵਿਚ ਭਾਰਤੀ ਦੂਤਾਵਾਸ ਦੇ ਕੁਝ ਮੁਲਾਜ਼ਮਾਂ ਨੇ ਉਸ ਨੂੰ ਪੰਜਾਬ ਵਾਪਸ ਨਾ ਭੇਜਣ ਦਾ ਕਾਰਨ ਦੱਸਦਿਆ ਕਿ ਉਹ ਉਸ ਨੂੰ ਇੱਕਲ੍ਹੀ ਹੋਣ ਕਾਰਨ ਨਹੀਂ ਭੇਜ ਰਹੇ ਸੀ, ਜਦ ਕਿ ਉਸ ਤੋਂ ਪਹਿਲਾਂ 13-14 ਲੜਕੀਆਂ ਵਾਪਸ ਆਈਆ ਸਨ। ਇਸ ਘਟਨਾ ਨਾਲ ਉਸ ਨੂੰ ਮਾਨਸਿਕ ਪੀੜਾਂ ਵਿੱਚੋਂ ਲੰਘਣਾ ਪਿਆ ਸੀ ‘ਤੇ ਪਿੱਛੇ ਪਰਿਵਾਰ ਨੂੰ ਵੀ ਪ੍ਰੇਸ਼ਾਨੀਆਂ ਝੱਲਣੀਆਂ ਪਾਈਆ ਸਨ। ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਸਵਰਨਜੀਤ ਕੌਰ ਨੂੰ ਤੜਕੇ ਸਵਾ ਤਿੰਨ ਵਜੇ ਲੈਣ ਪਹੁੰਚੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਸਵਰਨਜੀਤ ਕੌਰ ਲਈ 16 ਮਾਰਚ ਨੂੰ ਟਿਕਟ ਦਾ ਪ੍ਰਬੰਧ ਕਰਕੇ ਦਿੱਤਾ ਸੀ। ਪਰ ਮੌਕੇ ‘ਤੇ ਉਸ ਦੀ ਉਡਾਣ ਨਹੀਂ ਕਰਵਾਈ ਗਈ। ਜਿਸਦਾ ਮੁੱਦਾ ਉਨ੍ਹਾਂ ਨੇ ਵਿਦੇਸ਼ ਮੰਤਰੀ ਜੈਸ਼ੰਕਰ ਕੋਲ ਚੁੱਕਿਆ ਸੀ। ਉਨ੍ਹਾਂ ਨੇ ਇਸ ‘ਤੇ ਤੁਰੰਤ ਕਾਰਵਾਈ ਕਰਦਿਆ ਸਵਰਨਜੀਤ ਕੌਰ ਨੂੰ ਵਾਪਸ ਭੇਜਣ ਦਾ ਪ੍ਰਬੰਧ ਕੀਤਾ। ਸੰਤ ਸੀਚੇਵਾਲ ਨੇ ਦੱਸਿਆ ਕਿ ਅਰਬ ਦੇਸ਼ਾਂ ਵਿੱਚ ਪੰਜਾਬ ਦੇ ਗਰੀਬ ਪਰਿਵਰਾਂ ਦੀਆਂ ਮਜ਼ਬੂਰੀਆਂ ਦਾ ਨਜਾਇਜ਼ ਫਾਈਦਾ ਉਠਾ ਕੇ ਅਤੇ ਮੋਟੀਆਂ ਤਨਖਾਹਾਂ ਦਾ ਲਾਲਚ ਦੇ ਕੇ ਭਰਮਾ ਲੈਂਦੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਰਬ ਦੇਸ਼ਾਂ ਵਿੱਚ ਜਾਣ ਤੋਂ ਪਹਿਲਾਂ ਉਥੋਂ ਦੇ ਸਾਰੇ ਹਲਾਤਾਂ ਬਾਰੇ ਜਾਣਕਾਰੀ ਲੈ ਲਿਆ ਕਰਨ। ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਬਿਨ੍ਹਾਂ ਲਾਇਸੈਂਸ ਤੋਂ ਇੰਮੀਗ੍ਰੇਸ਼ਨ ਦਾ ਧੰਦਾ ਕਰ ਰਹੇ ਟ੍ਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕਰੇ। 

ਜਿਲਿ੍ਆਂ ਦੀਆਂ ਲੜਕੀਆਂ ਉੱਥੇ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ : ਸਵਰਨਜੀਤ ਕੌਰ
ਜਾਣਕਾਰੀ ਦਿੰਦਿਆ ਸਵਰਨਜੀਤ ਕੌਰ ਨੇ ਰੌਗਾਂਟੇ ਖੜੇ ਕਰਨ ਵਾਲੀਆਂ ਗੱਲਾਂ ਦੱਸਦਿਆ ਕਿਹਾ ਮਸਕਟ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ ਸਮੇਤ ਪੰਜਾਬ ਦੀਆਂ ਬਹੁਤ ਸਾਰੀਆਂ ਲੜਕੀਆਂ ਨਰਕ ਭਰੀ ਜਿੰਦਗੀ ਬਤੀਤ ਕਰ ਰਹੀਆ ਹਨ। ਉਸਨੇ ਦੱਸਿਆ ਕਿ ਉਹ ਜਿਸ ਫਲਾਈਟ ਵਿੱਚ ਵਾਪਸ ਆਈ ਹੈ ਉਸ ਵਿੱਚ 12 ਦੇ ਕਰੀਬ ਭਾਰਤੀ ਲੜਕੀਆਂ ਆਈਆ ਹਨ ਜਿਹੜੀਆਂ ਕਿ ਉਸ ਵਾਂਗ ਹੀ ਉੱਥੇ ਫਸੀਆਂ ਸੀ। ਉਸਨੇ ਦੱਸਿਆ ਕਿ ਟਰੈਵਲ ਏਜੰਟਾਂ ਵੱਲੋਂ ਦਿੱਤੇ ਜਾ ਰਹੇ ਝੂਠੇ ਝਾਂਸਿਆਂ ਦੀ ਕਾਰਨ ਹਲੇ ਵੀ ਉਥੇ ਬਹੁਤ ਸਾਰੀਆਂ ਲੜਕੀਆਂ ਫਸੀਆਂ ਹੋਈਆ ਹਨ।