ਵਿਆਹ ਸਮਾਗਮ ਤੋਂ ਪਰਤਦਿਆਂ ਕਾਰ ਜਾ ਡਿੱਗੀ ਖੱਡ 'ਚ, ਦੋ ਨੌਜਵਾਨਾਂ ਦੀ ਮੌਤ

ਰੋਹੜੂ, 24 ਜੁਲਾਈ 2024 : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਇੱਕ ਕਾਰ 200 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ।  ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਰੋਹੜੂ ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ ਆਲਟੋ ਕਾਰ ਨੰਬਰ ਐਚਪੀ 54 ਸੀ 8839 ਵਿੱਚ ਸਵਾਰ ਪੰਜ ਨੌਜਵਾਨ ਪਿੰਡ ਭਮਣੋਲੀ ਵਿੱਚ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਇਹ ਪੰਜੇ ਨੌਜਵਾਨ ਇੱਕ ਵਿਆਹ ਸਮਾਗਮ ਵਿੱਚ ਵੇਟਰ ਵਜੋਂ ਕੰਮ ਕਰਨ ਗਏ ਸਨ। ਸੋਮਵਾਰ ਰਾਤ ਕਰੀਬ 2 ਵਜੇ ਕਾਰ ਨਹਿਰ ਪਾਰ ਕਰਨ ਤੋਂ ਬਾਅਦ ਖੱਡ ਵਿੱਚ ਪਲਟ ਗਈ। ਇਸ ਹਾਦਸੇ ‘ਚ ਕਾਰ ਵਿਚ ਸਵਾਰ ਦੋ ਨੌਜਵਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਨੌਜਵਾਨਾਂ ਦੀ ਪਛਾਣ ਬਿਲਾਸਪੁਰ ਜ਼ਿਲ੍ਹੇ ਦੇ ਪਿੰਡ ਭੋਜਪੁਰ ਦੇ 25 ਸਾਲਾ ਲੱਕੀ ਸ਼ਰਮਾ ਪੁੱਤਰ ਪ੍ਰਕਾਸ਼ ਚੰਦ ਅਤੇ ਸੋਲਨ ਜ਼ਿਲ੍ਹੇ ਦੀ ਤਹਿਸੀਲ ਅਰਕੀ ਦੇ ਪਿੰਡ ਨਵਾਂਗਾਓਂ ਦੇ 23 ਸਾਲਾ ਇਸ਼ਾਂਤ ਪੁੱਤਰ ਰਾਮ ਲਾਲ ਵਜੋਂ ਹੋਈ ਹੈ। ਜ਼ਖਮੀ ਨੌਜਵਾਨਾਂ ਵਿੱਚ ਸੋਲਨ ਜ਼ਿਲ੍ਹੇ ਦੀ ਤਹਿਸੀਲ ਅਰਕੀ ਦੇ ਪਿੰਡ ਮਿਰਲ ਦਾ 23 ਸਾਲਾ ਰਾਕੇਸ਼ ਪੁੱਤਰ ਧਰਮਪਾਲ, ਸ਼ਿਮਲਾ ਜ਼ਿਲ੍ਹੇ ਦੀ ਤਹਿਸੀਲ ਸੁੰਨੀ ਦੇ ਪਿੰਡ ਜੇਂਡਰ ਬਸੰਤਪੁਰ ਦਾ 19 ਸਾਲਾ ਭਰਤ ਪੁੱਤਰ ਖੇਮਰਾਜ ਅਤੇ 19 ਸਾਲਾ ਪੰਕਜ ਪੁੱਤਰ ਕੁਲਦੀਪ ਮਹਿਤਾ ਪਿੰਡ ਮੋਹਾਲੀ, ਡਾਕਖਾਨਾ ਧਨਾਵਲੀ ਨਨਖੜੀ, ਜ਼ਿਲ੍ਹਾ ਸ਼ਿਮਲਾ ਸ਼ਾਮਲ ਹਨ। ਡੀਐਸਪੀ ਰੋਹੜੂ ਰਵਿੰਦਰ ਨੇਗੀ ਨੇ ਦੱਸਿਆ ਕਿ ਸਿਵਲ ਹਸਪਤਾਲ ਰੋਹੜੂ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।