ਅਸੀਂ ਇਕੱਠੇ ਰਹਾਂਗੇ ਅਤੇ ਕਾਂਗਰਸ ਇੱਥੇ ਚੋਣਾਂ ਜਿੱਤੇਗੀ : ਰਾਹੁਲ ਗਾਂਧੀ

ਜੈਪੁਰ, 16 ਨਵੰਬਰ : ਰਾਜਸਥਾਨ ਚੋਣਾਂ ਕਾਰਨ ਪਲਟਵਾਰ ਦੀ ਰਾਜਨੀਤੀ ਜ਼ੋਰਾ ’ਤੇ ਹੈ। ਚੋਣ ਪ੍ਰਚਾਰ ਲਈ ਅੱਜ ਜੈਪੁਰ ਪੁੱਜੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਕ ਪਾਸੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਅਤੇ ਦੂਜੇ ਪਾਸੇ ਕਿਹਾ ਕਿ ਕਾਂਗਰਸ 'ਚ ਸਭ ਕੁਝ ਠੀਕ ਹੈ। ਰਾਹੁਲ ਜਿਵੇਂ ਹੀ ਜੈਪੁਰ ਏਅਰਪੋਰਟ 'ਤੇ ਉਤਰੇ ਤਾਂ ਉਨ੍ਹਾਂ ਦੇ ਨਾਲ ਸੀਐੱਮ ਅਸ਼ੋਕ ਗਹਿਲੋਤ ਤੇ ਕਾਂਗਰਸ ਨੇਤਾ ਸਚਿਨ ਪਾਇਲਟ ਵੀ ਨਜ਼ਰ ਆਏ। ਜਦੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਕੀ ਹੁਣ ਸਾਰੇ ਇਕੱਠੇ ਹਨ ਤਾਂ ਕਾਂਗਰਸੀ ਆਗੂ ਨੇ ਹੱਸਦਿਆਂ ਕਿਹਾ ਕਿ ਅਸੀਂ ਨਾ ਸਿਰਫ਼ ਇਕੱਠੇ ਨਜ਼ਰ ਆ ਰਹੇ ਹਾਂ ਸਗੋਂ ਇਕਜੁੱਟ ਵੀ ਹਾਂ। ਅਸੀਂ ਇਕੱਠੇ ਰਹਾਂਗੇ ਅਤੇ ਕਾਂਗਰਸ ਇੱਥੇ ਚੋਣਾਂ ਜਿੱਤੇਗੀ। ਰਾਹੁਲ ਦੇ ਇਸ ਬਿਆਨ 'ਤੇ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਫੋਟੋ ਸ਼ੂਟ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਫੋਟੋ ਲਈ ਹੈ ਕਿਉਂਕਿ ਰਾਹੁਲ ਗਾਂਧੀ ਜਾਣਦੇ ਹਨ ਕਿ ਰਾਜਸਥਾਨ ਵਿੱਚ ਕਾਂਗਰਸ ਦਾ ਕੁਝ ਨਹੀਂ ਹੋਣ ਵਾਲਾ ਹੈ। ਭਾਜਪਾ ਨੇਤਾ ਨੇ ਕਿਹਾ ਕਿ ਇਸੇ ਲਈ ਉਹ ਇੱਥੇ ਫੋਟੋਸ਼ੂਟ ਕਰਵਾਉਣ ਲਈ ਆਇਆ ਹੈ ਅਤੇ ਇਸ ਤੋਂ ਬਾਅਦ ਵਾਪਸ ਜਾ ਰਿਹਾ ਹੈ।