ਅਸੀਂ 2023 ਨੂੰ ਬਾਜਰੇ ਦੇ ਅੰਤਰਰਾਸ਼ਟਰੀ ਸਾਲ ਵਜੋਂ ਮਨਾਉਣ ਦੀ ਤਿਆਰੀ ਕਰ ਰਹੇ ਹਾਂ : ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ : ਸੰਸਦ ਭਵਨ ਕੰਪਲੈਕਸ 'ਚ ਮੰਗਲਵਾਰ ਨੂੰ ਸਾਰੇ ਸੰਸਦ ਮੈਂਬਰਾਂ ਲਈ ਬਾਜਰੇ ਦੀ ਵਿਸ਼ੇਸ਼ ਦਾਅਵਤ ਦਿੱਤੀ ਗਈ। ਇਸ ਵਿਸ਼ੇਸ਼ ਦਾਅਵਤ ਵਿੱਚ ਪੀਐੱਮ ਨਰਿੰਦਰ ਮੋਦੀ ਸਮੇਤ ਸਾਰੇ ਸੰਸਦ ਮੈਂਬਰਾਂ ਨੇ ਬਾਜਰੇ ਦੀ ਰੋਟੀ ਤੋਂ ਲੈ ਕੇ ਬਾਜਰੇ ਦੇ ਕੇਕ ਤੱਕ ਵੱਖ-ਵੱਖ ਪਕਵਾਨਾਂ ਦਾ ਸਵਾਦ ਚਖ਼ਿਆ। ਸੰਸਦ ਵਿੱਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਅਤੇ ਉਪ ਪ੍ਰਧਾਨ ਜਗਦੀਪ ਧਨਖੜ ਨੇ ਵੀ ਪੀਐੱਮ ਦੇ ਨਾਲ ਵਿਸ਼ੇਸ਼ ਦੁਪਹਿਰ ਦੇ ਖਾਣੇ ਦਾ ਆਨੰਦ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਾਰੇ ਟਵੀਟ ਕੀਤਾ, "ਜਿਵੇਂ ਕਿ ਅਸੀਂ 2023 ਨੂੰ ਬਾਜਰੇ ਦੇ ਅੰਤਰਰਾਸ਼ਟਰੀ ਸਾਲ ਵਜੋਂ ਮਨਾਉਣ ਦੀ ਤਿਆਰੀ ਕਰ ਰਹੇ ਹਾਂ, ਅਸੀਂ ਸੰਸਦ ਵਿੱਚ ਇੱਕ ਸ਼ਾਨਦਾਰ ਦੁਪਹਿਰ ਦੇ ਖਾਣੇ ਵਿੱਚ ਸ਼ਾਮਲ ਹੋਏ ਜਿੱਥੇ ਬਾਜਰੇ ਦੇ ਪਕਵਾਨ ਪਰੋਸੇ ਗਏ। ਪਾਰਟੀ ਲਾਈਨਾਂ ਤੋਂ ਪਾਰ ਦੀ ਭਾਗੀਦਾਰੀ ਦੇਖ ਕੇ ਚੰਗਾ ਲੱਗਿਆ।" ਪ੍ਰਧਾਨ ਮੰਤਰੀ ਕਰੀਬ ਚਾਲੀ ਮਿੰਟ ਤੱਕ ਪ੍ਰੋਗਰਾਮ ਵਿੱਚ ਰਹੇ। ਭੋਜਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਅਤੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਵੀ ਮੌਜੂਦ ਸਨ। ਅੱਜ ਬਣਾਏ ਗਏ ਪਕਵਾਨਾਂ ਵਿੱਚ ਬਾਜਰੇ ਦੀ ਖਿਚੜੀ, ਰਾਗੀ ਡੋਸਾ, ਰਾਗੀ ਦੀ ਰੋਟੀ, ਜਵਾਰ ਦੀ ਰੋਟੀ, ਹਲਦੀ ਦੀ ਕਰੀ, ਬਾਜਰਾ, ਚੂਰਮਾ ਸ਼ਾਮਿਲ ਸੀ। ਮਿੱਠੇ ਪਕਵਾਨਾਂ ਵਿੱਚ ਬਾਜਰੇ ਦੀ ਖੀਰ, ਬਾਜਰੇ ਦਾ ਕੇਕ ਆਦਿ ਸ਼ਾਮਿਲ ਸਨ। ਖੇਤੀਬਾੜੀ ਰਾਜ ਮੰਤਰੀ ਸ਼ੋਭਾ ਕਰੰਦਲਾਜੇ ਨੇ ਕਿਹਾ, "ਅਸੀਂ ਜਵਾਰ ਬਾਜਰੇ ਅਤੇ ਰਾਗੀ ਦੀਆਂ ਰੋਟੀਆਂ ਅਤੇ ਮਠਿਆਈਆਂ ਸਮੇਤ ਪਕਵਾਨ ਤਿਆਰ ਕੀਤੇ, ਜਿਸ ਲਈ ਖਾਸ ਤੌਰ 'ਤੇ ਕਰਨਾਟਕ ਤੋਂ ਸ਼ੈੱਫ ਲਿਆਂਦੇ ਗਏ ਸਨ। ਮੈਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਨੇ ਇੱਥੇ ਆਪਣੇ ਭੋਜਨ ਦਾ ਸੱਚਮੁੱਚ ਆਨੰਦ ਲਿਆ।"