ਪਾਣੀ ਦੀ ਸਮੱਸਿਆ ਸਿਰਫ਼ ਪੰਜਾਬ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਸਮੱਸਿਆ ਹੈ : ਸੰਤ ਸੀਚੇਵਾਲ

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਪਾਣੀਆਂ ਬਾਰੇ ਠੋਸ ਨੀਤੀ ਬਣਾਉਣ ਲਈ ਕਿਹਾ ਹੈ। ਇਸ ਬਾਰੇ ਆਮ ਆਦਮੀ ਪਾਰਟੀ ਪੰਜਾਬ ਦੇ ਟਵਿੱਟਰ ਹੈਂਡਲ ਤੋਂ ਵੀਡੀਓ ਸ਼ੇਅਰ ਕਰਕੇ ਲਿਖਿਆ ਗਿਆ ਹੈ ਕਿ ਪਾਣੀ ਦੀ ਸਮੱਸਿਆ ਸਿਰਫ਼ ਪੰਜਾਬ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਸਮੱਸਿਆ ਹੈ। ਕੇਂਦਰ ਸਰਕਾਰ ਫੌਰੀ ਧਿਆਨ ਦਿੰਦਿਆਂ ਕਾਰਗਰ ਨੀਤੀ ਬਣਾਵੇ। ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਉਣ ਲਈ ਕੇਂਦਰ ਸਰਕਾਰ ਸੂਬਾ ਸਰਕਾਰ ਨਾਲ ਮਿਲ ਕੇ ਯਤਨ ਕਰੇ, ਤਦ ਹੀ ਪੰਜਾਬ ਹੱਸਦਾ-ਵੱਸਦਾ ਰਹੇਗਾ।  ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲਿਆਂ ਦੀ ਇਸ ਮਹੱਤਵਪੂਰਨ ਪਹਿਲਕਦਮੀ ’ਤੇ ਮੁਬਾਰਕ ਦਿੱਤੀ ਹੈ ਕਿ ਉਨ੍ਹਾਂ ਨੇ ਰਾਜ ਸਭਾ ਵਿੱਚ ਕੰਮ ਕਾਜ ਲਈ ਸਾਰੇ ਕਾਗ਼ਜ਼ ਪੱਤਰ ਪੰਜਾਬੀ ਵਿੱਚ ਹਾਸਲ ਕਰਨ ਲਈ ਪਿਛਲੇ ਸੈਸ਼ਨ ਵਿੱਚ ਸਭਾਪਤੀ ਕੋਲੋਂ ਮੰਗ ਕੀਤੀ ਤੇ ਨਵੇਂ ਸਭਾਪਤੀ ਜਗਦੀਪ ਧਨਖੜ ਪਾਸੋਂ ਪੂਰੀ ਕਰਵਾ ਲਈ ਹੈ। ਪ੍ਰੋ. ਗਿੱਲ ਨੇ ਕਿਹਾ ਕੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਦੇਸ਼ ਦੀ ਸਭ ਤੋਂ ਮਹੱਤਵਪੂਰਨ ਸੰਸਥਾ ਵਿੱਚ ਪੰਜਾਬੀ ਦਸਤਾਵੇਜ਼ ਤਿਆਰ ਹੋਣ ਨਾਲ ਨਵੀਂ ਸ਼ਬਦਾਵਲੀ ਵੀ ਵਿਕਸਤ ਹੋਵੇਗੀ ਜਿਸ ਨਾਲ ਭਾਸ਼ਾ ਦਾ ਸ਼ਬਦ ਭੰਡਾਰ ਵਧੇਗਾ। ਪ੍ਰੋ. ਗਿੱਲ ਨੇ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਪੂਰਨ ਕਰਵਾਏ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਸ ਅੰਦਾਜ਼ ਨਾਲ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨਾਲ ਸਬੰਧਿਤ ਹੋਰ ਵੀ ਕਈ ਮੁੱਦੇ ਹਨ ਜਿਨ੍ਹਾਂ ਦੇ ਹੱਲ ਲਈ ਪੰਜਾਬ ਵਿੱਚ ਕੰਮ ਕਰਦੀਆਂ ਅਕਾਦਮੀਆਂ ਤੇ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ।