ਮਨੀਪੁਰ ’ਚ ਨਹੀਂ ਰੁਕ ਰਹੀ ਹਿੰਸਾ, ਮੁੜ ਹੋਈ ਗੋਲ਼ੀਬਾਰੀ ’ਚ ਦੋ ਲੋਕਾਂ ਦੀ ਮੌਤ 

ਇੰਫਾਲ, 20 ਨਵੰਬਰ : ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇੇ ’ਚ ਸੋਮਵਾਰ ਨੂੰ ਮੁੜ ਗੋਲ਼ੀਬਾਰੀ ਹੋਈ। ਦੋ ਵਿਰੋਧੀ ਗਰੁੱਪਾਂ ਵਿਚਾਲੇ ਹੋਈ ਇਸ ਗੋਲ਼ੀਬਾਰੀ ’ਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਗੋਲ਼ੀਬਾਰੀ ਹਾਰੋਥੇਲ ਤੇ ਕੋਬਸ਼ਾ ਪਿੰਡਾਂ ਵਿਚਾਲੇ ਇਕ ਸਥਾਨ ’ਤੇ ਹੋਈ। ਆਦਿਵਾਸੀ ਸੰਗਠਨ ‘ਕਮੇਟੀ ਆਨ ਟ੍ਰਾਈਬਲ ਯੂਨਿਟੀ’ (ਸੀਓਟੀਯੂ) ਨੇ ਦਾਅਵਾ ਕੀਤਾ ਕਿ ਕੁਕੀ ਭਾਈਚਾਰੇ ਦੇ ਲੋਕਾਂ ’ਤੇ ਬਿਨਾਂ ਭੜਕਾਹਟ ਹਮਲਾ ਕੀਤਾ ਗਿਆ। ਸੀਓਟੀਯੂ ਨੇ ਕਾਂਗਪੋਕਪੀ ਜ਼ਿਲ੍ਹੇ ’ਚ ਬੰਦ ਦਾ ਐਲਾਨ ਕੀਤਾ ਹੈ। ਸੀਓਟੀਯੂ ਨੇ ਇਹ ਮੰਗ ਵੀ ਕੀਤੀ ਕਿ ਸਰਕਾਰ ਆਦਿਵਾਸੀਆਂ ਲਈ ਵੱਖਰੇ ਪ੍ਰਸ਼ਾਸਨ ਦੀ ਵਿਵਸਥਾ ਕਰੇ। ਹਾਲਾਂਕਿ ਪੁਲਿਸ ਅਨੁਸਾਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਗੋਲ਼ੀਬਾਰੀ ਦਾ ਕਾਰਨ ਕੀ ਸੀ। ਮਈ ਦੀ ਸ਼ੁਰੂਆਤ ’ਚ ਮਨੀਪੁਰ ’ਚ ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਜਾਤੀ ਸੰਘਰਸ਼ ਸ਼ੁਰੂ ਹੋਣ ਪਿੱਛੋਂ ਇਸ ਇਲਾਕੇ ’ਚ ਹਥਿਆਰਬੰਦ ਦਿਹਾਤੀਆਂ ਵਿਚਾਲੇ ਗੋਲ਼ੀਬਾਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਲਾਕੇ ’ਚ ਵਾਧੂ ਬਲ ਤਾਇਨਾਤ ਕੀਤੇ ਗਏ ਹਨ। ਘਟਨਾ ’ਚ ਸ਼ਾਮਲ ਲੋਕਾਂ ਦੀ ਗਿ੍ਫ਼ਤਾਰੀ ਲਈ ਤਲਾਸ਼ੀ ਮੁਹਿੰਮ ਜਾਰੀ ਹੈ।