ਯੂਪੀਏ ਦਾ ਨਾਂ ਬਦਲ ਕੇ ਰੱਖਿਆ ਇੰਡੀਆ, 2024 ਵਿਚ ਹੋਵੇਗਾ ‘ਇੰਡੀਆ’ ਬਨਾਮ ‘ਐਨ.ਡੀ.ਏ.’ ਦਾ ਹੋਵੇਗਾ ਮੁਕਾਬਲਾ

ਬੈਂਗਲੋਰ, 18 ਜੁਲਾਈ : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਸੰਯੁਕਤ ਵਿਰੋਧੀ ਦਲਾਂ ਦੀ ਮੀਟਿੰਗ ਦੂਜੇ ਦਿਨ ਖਤਮ ਹੋਈ ਹੈ। ਇਸ ਮੀਟਿੰਗ ਵਿਚ ਕਾਂਗਰਸ ਸਣੇ ਕੁੱਲ 26 ਦਲਾਂ ਦੇ ਨੇਤਾ ਸ਼ਾਮਲ ਹਨ। ਮੀਟਿੰਗ ਵਿਚ ਯੂਨਾਈਟਿਡ ਪ੍ਰੋਗ੍ਰੈਸਿਵ ਅਲਾਈਂਸ  ਯੂਪੀਏ ਦਾ ਨਾਂ ਬਦਲ ਦਿੱਤਾ ਗਿਆ ਹੈ। ਹੁਣ ਇਸ ਦਾ ਨਾਂ ‘ਇੰਡੀਆ’ (ਇੰਡੀਅਨ ਨੈਸ਼ਨਲ ਡੈਮੋਕ੍ਰੇਟਿਕ ਅਲਾਈਂਸ) ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਡਾ ਨੇ ਯੂਪੀਏ ਦਾ ਨਾਂ ਬਦਲਣ ਦੀ ਜਾਣਕਾਰੀ ਦਿੱਤੀ। ਉਸ ਨੇ ਟਵੀਟ ਕਰ ਕੇ ਕਿਹਾ ਕਿ ਅਸੀ INDIA ਹਾਂ। ਉਧਰ ਜੇਡੀਯੂ ਨੇ ਅੱਗੇ ਕਿਹਾ, ਦਿਲ ਮਿਲੇ ਦਲ ਮਿਲੇ ਹੋਇਆ ਮਹਾਜੁਟਾਨ। ਇਸ ਵਿਚਾਲੇ ਮਾਕਪਾ ਨੇਤਾ ਡੇਰੇਕ ਓ ਬ੍ਰਾਇਨ ਨੇ ਵੀ ਯੂਪੀਏ ਦਾ ਨਾਂ ਬਦਲਣ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ, ਚੱਕ ਦੇ ਇੰਡੀਆ। ਇਸ ਤੋਂ ਪਹਿਲਾਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਿਹਾ ਕਿ ਅੱਜ ਵਿਰੋਧੀ ਦਲਾਂ ਖਿਲਾਫ਼ ਕੇਂਦਰੀ ਜਾਂਚ ਏਜੰਸੀਆਂ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ। ਸਾਡੇ ਨੇਤਾਵਾਂ ਨੂੰ ਝੂਠੇ ਮਾਮਲਿਆਂ ਵਿਚ ਫਸਾਇਆ ਜਾ ਰਿਹਾ ਹੈ। ਖੜਗੇ ਨੇ ਕਿਹਾ ਕਿ ਵਿਧਾਇਕਾਂ ਨੂੰ ਬੀਜੇਪੀ ਵਿਚ ਜਾਣ ਅਤੇ ਸਰਕਾਰ ਡੇਗਣ ਲਈ ਬਲੈਕਮੇਲ ਕੀਤਾ ਜਾ ਰਿਹਾ ਜਾਂ ਉਨ੍ਹਾਂ ਨੂੰ ਰਿਸ਼ਵਤ ਦਿੱਤੀ ਜਾ ਰਹੀ ਹੈ। ਸਾਨੂੰ ਆਪਸੀ ਮਤਭੇਦ ਭੁਲਾ ਕੇ ਕੇਂਦਰ ਸਰਕਾਰ ਖਿਲਾਫ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪ੍ਰਧਾਨ ਮੰਤਰੀ ਅਹੁਦੇ ਵਿਚ ਕੋਈ ਦਿਲਚਸਪੀ ਨਹੀਂ ਹੈ। ਇਸ ਵਿਚਾਲੇ ਕਾਂਗਰਸ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਯੂਨਾਈਟਿਡ ਵੀ ਸਟੈਂਡ। ਉੱਧਰ ਐਲਾਨ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਿਰੋਧੀ ਪਾਰਟੀਆਂ ਦੀ ਪ੍ਰੈਸ ਕਾਨਫਰੰਸ ਕੀਤੀ । ਉਨ੍ਹਾਂ ਕਿਹਾ- ਤਾਲਮੇਲ ਲਈ 11 ਮੈਂਬਰਾਂ ਦੀ ਕਮੇਟੀ ਬਣਾਈ ਜਾਵੇਗੀ ਅਤੇ ਜਲਦੀ ਹੀ ਦਫ਼ਤਰ ਬਣਾਇਆ ਜਾਵੇਗਾ। ਇਸ ਦਾ ਐਲਾਨ ਮੁੰਬਈ ਵਿੱਚ ਹੋਣ ਵਾਲੇ ਸਾਡੇ ਅਗਲੇ ਮੁੰਬਈ ਸਮਾਗਮ ਵਿੱਚ ਕੀਤਾ ਜਾਵੇਗਾ।  

ਮੁੰਬਈ 'ਚ ਹੋਵੇਗੀ ਵਿਰੋਧੀ ਧਿਰ ਦੀ ਅਗਲੀ ਮੀਟਿੰਗ
ਬੈਂਗਲੁਰੂ 'ਚ ਵਿਰੋਧੀ ਪਾਰਟੀਆਂ ਦੀ ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰੈਸ ਕਾਨਫ਼ਰੰਸ 'ਚ ਕਿਹਾ, ''ਸਾਡੇ ਗਠਜੋੜ ਦਾ ਨਾਂਅ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ (ਇੰਡੀਆ)' ਹੋਵੇਗਾ। ਸਾਰਿਆਂ ਨੇ ਇਕ ਆਵਾਜ਼ ਵਿਚ ਇਸ ਦਾ ਸਮਰਥਨ ਕੀਤਾ ਹੈ।'' ਉਨ੍ਹਾਂ ਕਿਹਾ ਕਿ ਵਿਰੋਧੀ ਗਠਜੋੜ ਵਿਚ 11 ਮੈਂਬਰੀ ਤਾਲਮੇਲ ਕਮੇਟੀ ਬਣਾਈ ਜਾਵੇਗੀ ਅਤੇ ਇਸ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਮੁੰਬਈ, ਮਹਾਰਾਸ਼ਟਰ ਵਿਚ ਹੋਣ ਵਾਲੀ ਅਗਲੀ ਮੀਟਿੰਗ ਵਿਚ ਕੀਤਾ ਜਾਵੇਗਾ। 

ਮੁੰਬਈ ਦੀ ਬੈਠਕ 'ਚ ਇਨ੍ਹਾਂ 11 ਨਾਵਾਂ ਦਾ ਫੈਸਲਾ ਕੀਤਾ ਜਾਵੇਗਾ। 
ਕਾਂਗਰਸ ਨੇਤਾ ਖੜਗੇ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣ ਮੁਹਿੰਮ ਦੇ ਪ੍ਰਬੰਧਨ ਲਈ ਦਿੱਲੀ ਵਿਚ ਇਕ ਸਾਂਝਾ ਸਕੱਤਰੇਤ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ, ''ਦੇਸ਼ ਅਤੇ ਇਸ ਦੇ ਲੋਕਾਂ ਨੂੰ ਬਚਾਉਣਾ ਸਾਡੀ ਸੱਭ ਤੋਂ ਵੱਡੀ ਤਰਜੀਹ ਹੈ। ਇਸ ਦੇ ਲਈ ਅਸੀਂ ਅਪਣੇ ਮਤਭੇਦਾਂ ਨੂੰ ਪਿੱਛੇ ਰੱਖਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ, “ਭਾਜਪਾ ਨੇ ਲੋਕਤੰਤਰ ਦੀਆਂ ਸਾਰੀਆਂ ਏਜੰਸੀਆਂ ਜਿਵੇਂ ਈ.ਡੀ., ਸੀ.ਬੀ.ਆਈ. ਆਦਿ ਨੂੰ ਤਬਾਹ ਕਰ ਦਿਤਾ ਹੈ। ਸਾਡੇ ਸਿਆਸੀ ਮਤਭੇਦ ਹਨ, ਪਰ ਅਸੀਂ ਦੇਸ਼ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ। ਇਸ ਤੋਂ ਪਹਿਲਾਂ ਅਸੀਂ ਪਟਨਾ ਵਿਚ ਮਿਲੇ, ਜਿਥੇ 16 ਪਾਰਟੀਆਂ ਮੌਜੂਦ ਸਨ। ਅੱਜ ਦੀ ਮੀਟਿੰਗ ਵਿਚ 26 ਪਾਰਟੀਆਂ ਨੇ ਹਿੱਸਾ ਲਿਆ। ਇਸ ਨੂੰ ਦੇਖਦੇ ਹੋਏ ਐਨ.ਡੀ.ਏ. 36 ਪਾਰਟੀਆਂ ਨਾਲ ਮੀਟਿੰਗ ਕਰ ਰਿਹਾ ਹੈ। ਮੈਨੂੰ ਨਹੀਂ ਪਤਾ ਕਿ ਉਹ ਕਿਹੜੀਆਂ ਪਾਰਟੀਆਂ ਹਨ। ਕੀ ਉਹ ਵੀ ਰਜਿਸਟਰਡ ਹਨ ਜਾਂ ਨਹੀਂ? ਸਾਰੇ ਮੀਡੀਆ 'ਤੇ ਮੋਦੀ ਦਾ ਕੰਟਰੋਲ ਹੈ। ਇਸ ਤੋਂ ਪਹਿਲਾਂ ਅਜਿਹਾ ਹੁੰਦਾ ਨਹੀਂ ਦੇਖਿਆ”।  ਗਠਜੋੜ ਦੀ ਅਗਵਾਈ ਕੌਣ ਕਰੇਗਾ, ਇਸ ਸਵਾਲ ਦੇ ਜਵਾਬ 'ਚ ਖੜਗੇ ਨੇ ਕਿਹਾ ਕਿ ਅਸੀਂ ਤਾਲਮੇਲ ਕਮੇਟੀ ਬਣਾ ਰਹੇ ਹਾਂ। ਮੁੰਬਈ ਦੀ ਬੈਠਕ 'ਚ ਇਨ੍ਹਾਂ 11 ਨਾਵਾਂ ਦਾ ਫੈਸਲਾ ਕੀਤਾ ਜਾਵੇਗਾ। 

ਇਹ NDA ਅਤੇ INDIA ਦੀ ਲੜਾਈ ਹੈ : ਰਾਹੁਲ ਗਾਂਧੀ
ਬੈਠਕ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, "ਇਹ ਸਾਡੀ ਦੂਜੀ ਬੈਠਕ ਹੈ। ਇਹ ਲੜਾਈ ਭਾਜਪਾ ਅਤੇ ਉਸ ਦੀ ਵਿਚਾਰਧਾਰਾ ਵਿਰੁਧ ਹੈ।" ਰਾਹੁਲ ਗਾਂਧੀ ਨੇ ਕਿਹਾ, "ਉਹ ਦੇਸ਼ 'ਤੇ ਹਮਲਾ ਕਰ ਰਹੇ ਹਨ। ਬੇਰੁਜ਼ਗਾਰੀ ਫੈਲ ਰਹੀ ਹੈ। ਦੇਸ਼ ਦੀ ਸਾਰੀ ਦੌਲਤ ਚੁਣੇ ਹੋਏ ਲੋਕਾਂ ਦੇ ਹੱਥਾਂ ਵਿਚ ਜਾ ਰਹੀ ਹੈ ਅਤੇ ਇਸ ਲਈ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਅਸੀਂ ਅਪਣੇ ਆਪ ਨੂੰ ਸਵਾਲ ਪੁਛਿਆ ਕਿ ਲੜਾਈ ਕਿਸ ਦੇ ਵਿਚਕਾਰ ਹੈ?" ਉਨ੍ਹਾਂ ਅੱਗੇ ਕਿਹਾ, "ਇਹ ਲੜਾਈ ਵਿਰੋਧੀ ਧਿਰ ਅਤੇ ਭਾਜਪਾ ਵਿਚਕਾਰ ਨਹੀਂ ਹੈ। ਦੇਸ਼ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਅਤੇ ਕੁਚਲਿਆ ਜਾ ਰਿਹਾ ਹੈ। ਇਹ ਦੇਸ਼ ਦੀ ਆਵਾਜ਼ ਦੀ ਲੜਾਈ ਹੈ ਅਤੇ ਇਸ ਲਈ ਇਸ ਦਾ ਨਾਂਅ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ ਚੁਣਿਆ ਗਿਆ ਹੈ, ਇਸ ਦਾ ਮਤਲਬ ਹੈ ਇੰਡੀਆ"। ਰਾਹੁਲ ਗਾਂਧੀ ਨੇ ਅੱਗੇ ਕਿਹਾ, "ਇਹ ਲੜਾਈ ਐਨ.ਡੀ.ਏ. ਅਤੇ ਇੰਡੀਆ ਵਿਚਕਾਰ ਹੈ। ਇਹ ਨਰਿੰਦਰ ਮੋਦੀ ਜੀ ਅਤੇ ਭਾਰਤ ਵਿਚਕਾਰ ਲੜਾਈ ਹੈ। ਇਹ ਉਨ੍ਹਾਂ ਦੀ ਵਿਚਾਰਧਾਰਾ ਅਤੇ ਇੰਡੀਆ ਦੇ ਵਿਚਕਾਰ ਲੜਾਈ ਹੈ। ਤੁਸੀਂ ਜਾਣਦੇ ਹੋ ਕਿ ਜਦੋਂ ਕੋਈ ਇੰਡੀਆ ਦੇ ਸਾਹਮਣੇ ਖੜ੍ਹਾ ਹੁੰਦਾ ਹੈ ਤਾਂ ਕੌਣ ਜਿੱਤਦਾ ਹੈ। ਇਹ ਕਹਿਣ ਦੀ ਲੋੜ ਨਹੀਂ ਹੈ।"

ਅਸੀ ਇਥੇ ਅਪਣੇ ਲਈ ਨਹੀਂ ਸਗੋਂ ਦੇਸ਼ ਨੂੰ ਨਫ਼ਰਤ ਤੋਂ ਬਚਾਉਣ ਲਈ ਇਕੱਠੇ ਹੋਏ : ਅਰਵਿੰਦ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ, '9 ਸਾਲ ਪਹਿਲਾਂ ਇਸ ਦੇਸ਼ ਦੀ ਜਨਤਾ ਨੇ ਨਰਿੰਦਰ ਮੋਦੀ ਨੂੰ ਭਾਰੀ ਬਹੁਮਤ ਦਿਤਾ ਸੀ, ਇਨ੍ਹਾਂ ਸਾਲਾਂ 'ਚ ਉਨ੍ਹਾਂ ਨੂੰ ਦੇਸ਼ ਲਈ ਬਹੁਤ ਕੁੱਝ ਕਰਨ ਦਾ ਮੌਕਾ ਮਿਲਿਆ, ਪਰ ਇਨ੍ਹਾਂ 9 ਸਾਲਾਂ 'ਚ ਉਨ੍ਹਾਂ ਨੇ ਇਕ ਸੈਕਟਰ ਵਿਚ ਵੀ ਅਜਿਹਾ ਨਹੀਂ ਕੀਤਾ, ਜਿਸ ਕਾਰਨ ਅਸੀਂ ਕਹਿ ਸਕੀਏ ਕਿ ਤਰੱਕੀ ਹੋਈ ਹੈ”। ਕੇਜਰੀਵਾਲ ਨੇ ਕਿਹਾ, "ਹਰ ਸੈਕਟਰ ਨੂੰ ਤਬਾਹ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਜੇਕਰ ਤੁਸੀਂ ਸੈਕਿੰਡ ਕਲਾਸ ਰੇਲਵੇ ਦੀ ਟਿਕਟ ਲੈ ਕੇ ਸਫ਼ਰ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਚਾਰ-ਪੰਜ ਸਾਲ ਪਹਿਲਾਂ ਰੇਲਵੇ ਵਧੀਆ ਚੱਲਦਾ ਸੀ, ਪਰ ਅੱਜ ਇਹ ਤਬਾਹ ਹੋ ਗਿਆ ਹੈ। ਉਨ੍ਹਾਂ ਨੇ ਆਰਥਿਕਤਾ ਨੂੰ ਬਰਬਾਦ ਕਰ ਦਿਤਾ, ਰੇਲਵੇ ਨੂੰ ਬਰਬਾਦ ਕਰ ਦਿਤਾ, ਸਾਰੇ ਹਵਾਈ ਅੱਡੇ ਵੇਚ ਦਿਤੇ, ਜਹਾਜ਼ ਵੇਚ ਦਿਤੇ, ਅਸਮਾਨ, ਧਰਤੀ ਸੱਭ ਅਪਣੇ ਲੋਕਾਂ ਨੂੰ ਵੇਚ ਦਿਤਾ”। ਉਨ੍ਹਾਂ ਕਿਹਾ, "ਅੱਜ ਦੇਸ਼ ਦਾ ਹਰ ਵਿਅਕਤੀ ਦੁਖੀ ਹੈ। ਨੌਜਵਾਨ, ਕਿਸਾਨ, ਮਜ਼ਦੂਰ, ਵਪਾਰੀ, ਘਰੇਲੂ ਸੱਭ ਦੁਖੀ ਹਨ। ਅੱਜ 26 ਪਾਰਟੀਆਂ ਅਪਣੇ ਲਈ ਇਕੱਠੀਆਂ ਨਹੀਂ ਹੋਈਆਂ। ਜਿਸ ਤਰ੍ਹਾਂ ਦੇਸ਼ ਵਿਚ ਨਫ਼ਰਤ ਫੈਲਾਈ ਜਾ ਰਹੀ ਹੈ, ਅਸੀਂ ਦੇਸ਼ ਨੂੰ ਉਸ ਤੋਂ ਬਚਾਉਣਾ ਹੈ"।

ਕੀ ਭਾਜਪਾ ਵਾਲੇ INDIA ਨੂੰ ਚੁਨੌਤੀ ਦੇਣਗੇ? : ਮਮਤਾ ਬੈਨਰਜੀ
ਪਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, “ਅੱਜ ਦੀ ਮੀਟਿੰਗ ਸਕਾਰਾਤਮਕ ਰਹੀ। ਸਾਡੇ ਗਠਜੋੜ ਵਿਚ 26 ਪਾਰਟੀਆਂ ਹਨ...ਕੀ ਐਨ.ਡੀ.ਏ. ਵਾਲੇ ਇੰਡੀਆ ਨੂੰ ਚੁਨੌਤੀ ਦੇਣਗੇ? ਕੀ ਭਾਜਪਾ ਵਾਲੇ ਇੰਡੀਆ ਨੂੰ ਚੁਨੌਤੀ ਦੇਣਗੇ? ਅਸੀਂ ਭਾਰਤ ਨੂੰ ਬਚਾਉਣਾ ਹੈ, ਦੇਸ਼ ਨੂੰ ਬਚਾਉਣਾ ਹੈ... ਭਾਰਤ ਜਿਤੇਗਾ, ਇੰਡੀਆ ਜਿਤੇਗਾ, ਦੇਸ਼ ਜਿਤੇਗਾ, ਭਾਜਪਾ ਹਾਰੇਗੀ”। ਉਧਰ ਸ਼ਿਵ ਸੈਨਾ (ਉਧਵ) ਦੇ ਨੇਤਾ ਊਧਵ ਠਾਕਰੇ ਨੇ ਕਿਹਾ ਕਿ ਦੂਜੀ ਮੀਟਿੰਗ ਸਫ਼ਲ ਰਹੀ ਅਤੇ ਇਹ ਲੜਾਈ ਸਾਡੇ ਪ੍ਰਵਾਰ ਲਈ ਨਹੀਂ, ਬਲਕਿ ਦੇਸ਼ ਹੀ ਸਾਡਾ ਪ੍ਰਵਾਰ ਹੈ।