ਸਾਬਕਾ ਮੁੱਖ ਮੰਤਰੀ ’ਤੇ ਰਾਜ ਸਭਾ ਮੈਂਬਰ ਦੇ ਘਰਾਂ ’ਤੇ ਅਣਪਛਾਤੀ ਭੀੜ ਨੇ ਕੀਤਾ ਹਮਲਾ, ਕੀਤੀ ਭੰਨਤੋੜ

ਤ੍ਰਿਪੁਰਾ,4 ਜਨਵਰੀ : ਤ੍ਰਿਪੁਰਾ ਦੇ ਗੋਮਤੀ ਜ਼ਿਲ੍ਹੇ ਦੇ ਉਦੈਪੁਰ 'ਚ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਰਾਜ ਸਭਾ ਮੈਂਬਰ ਬਿਪਲਬ ਕੁਮਾਰ ਦੇਬ ਦੇ ਜੱਦੀ ਘਰ ਦੇ ਬਾਹਰ ਮੰਗਲਵਾਰ ਦੇਰ ਰਾਤ ਅਣਪਛਾਤੀ ਭੀੜ ਨੇ ਹਮਲਾ ਕਰ ਦਿੱਤਾ। ਭੀੜ ਨੇ ਘਰ ‘ਚ ਪੂਜਾ ਕਰਨ ਆਏ ਪੁਜਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ। ਇਸ ਦੌਰਾਨ ਹਮਲਾਵਰਾਂ ਨੇ ਵਾਹਨਾਂ ਦੀ ਭੰਨਤੋੜ ਵੀ ਕੀਤੀ। ਘਟਨਾ ਉਦੋਂ ਵਾਪਰੀ ਜਦੋਂ ਪੁਜਾਰੀਆਂ ਦਾ ਇੱਕ ਸਮੂਹ ਉਦੈਪੁਰ ਦੇ ਜਮਜੂਰੀ ਖੇਤਰ ਵਿੱਚ ਰਾਜਨਗਰ ਸਥਿਤ ਦੇਬ ਦੇ ਘਰ ਪਹੁੰਚਿਆ ਸੀ। ਪੁਜਾਰੀ ਬੁੱਧਵਾਰ ਨੂੰ ਦੇਬ ਦੇ ਪਿਤਾ ਦੀ ਬਰਸੀ ਮੌਕੇ ਉਨ੍ਹਾਂ ਦੇ ਘਰ ਯੱਗ ਕਰਨ ਆਏ ਸਨ। ਰਿਪੋਰਟਾਂ ਮੁਤਾਬਕ ਬਦਮਾਸ਼ਾਂ ਨੇ ਪੁਜਾਰੀਆਂ 'ਤੇ ਹਮਲਾ ਕੀਤਾ ਅਤੇ ਵਾਹਨਾਂ ਦੀ ਭੰਨਤੋੜ ਕੀਤੀ। ਆਸਪਾਸ ਦੇ ਲੋਕਾਂ ਅਤੇ ਸਥਾਨਕ ਲੋਕਾਂ ਨੇ ਪੁਜਾਰੀਆਂ ਨੂੰ ਛੁਡਵਾਇਆ ਜਿਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ।ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਹਮਲਾਵਰਾਂ ਦੀਆਂ ਦੁਕਾਨਾਂ ਦੀ ਭੰਨਤੋੜ ਕੀਤੀ। ਇਸ ਤੋਂ ਬਾਅਦ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਸਥਿਤੀ ਨੂੰ ਕਾਬੂ ਕਰਨ ਲਈ ਉਪ ਮੰਡਲ ਪੁਲਿਸ ਅਧਿਕਾਰੀ ਨਿਰੂਪਮ ਦੇਬਵਰਮਾ ਅਤੇ ਵਧੀਕ ਪੁਲਿਸ ਸੁਪਰਡੈਂਟ ਦੇਬਾਂਜਨਾ ਰਾਏ ਮੌਕੇ 'ਤੇ ਪਹੁੰਚੇ।