ਕੇਂਦਰੀ ਮੰਤਰੀ ਗਡਕਰੀ ਨੇ ਟਾਟਾ ਗਰੁੱਪ ਨੂੰ ਨਾਗਪੁਰ ਵਿੱਚ ਨਿਵੇਸ਼ ਕਰਨ ਲਈ ਲਿਖਿਆ ਪੱਤਰ

ਨਵੀਂ ਦਿੱਲੀ (ਜੇਐੱਨਐੱਨ) : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਟਾਟਾ ਗਰੁੱਪ ਨੂੰ ਆਪਣੇ ਗ੍ਰਹਿ ਸ਼ਹਿਰ ਨਾਗਪੁਰ ਵਿੱਚ ਨਿਵੇਸ਼ ਕਰਨ ਲਈ ਪੱਤਰ ਲਿਖਿਆ ਹੈ। ਇਸ ਵਿੱਚ ਉਨ੍ਹਾਂ ਨੇ ਨਾਗਪੁਰ ਸ਼ਹਿਰ ਵਿੱਚ ਬੁਨਿਆਦੀ ਢਾਂਚੇ, ਸਪੇਸ ਦੀ ਉਪਲਬਧਤਾ ਅਤੇ ਕਨੈਕਟੀਵਿਟੀ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਦੱਸਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪੱਤਰ ਕੇਂਦਰ ਸਰਕਾਰ ਦੇ ਸੜਕ ਤੇ ਆਵਾਜਾਈ ਵਿਭਾਗ ਦੇ ਮੰਤਰੀ ਨਿਤਿਨ ਗਡਕਰੀ ਨੇ 7 ਅਕਤੂਬਰ ਨੂੰ ਟਾਟਾ ਗਰੁੱਪ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੂੰ ਲਿਖਿਆ ਸੀ। ਇਸ ਪੱਤਰ ਵਿੱਚ ਗਡਕਰੀ ਨੇ ਲਿਖਿਆ ਹੈ ਕਿ ਨਾਗਪੁਰ (ਮਿਹਾਨ) SEZ ਤੇ ਗੈਰ-SEZ ਖੇਤਰ ਵਿੱਚ ਮਲਟੀ ਮਾਡਲ ਇੰਟਰਨੈਸ਼ਨਲ ਹੱਬ ਏਅਰਪੋਰਟ ਕੋਲ 3,000 ਏਕੜ ਤੋਂ ਵੱਧ ਜ਼ਮੀਨ ਹੈ, ਜਿਸ ਵਿੱਚ ਕਈ ਕੰਪਨੀਆਂ ਪਹਿਲਾਂ ਹੀ ਆਪਣਾ ਆਧਾਰ ਬਣਾ ਚੁੱਕੀਆਂ ਹਨ। ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਟਾਟਾ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਜਿਵੇਂ ਟਾਟਾ ਸਟੀਲ, ਟਾਟਾ ਮੋਟਰਜ਼, ਟਾਟਾ ਕੰਜ਼ਿਊਮਰ, ਵੋਲਟਾਸ, ਟਾਈਟਨ ਇੰਡਸਟਰੀਜ਼, ਬਿਗ ਬਾਸਕੇਟ ਤੇ ਹੋਰ ਛੇ ਸੂਬਿਆਂ ਦੇ 350 ਜ਼ਿਲ੍ਹਿਆਂ ਦੇ ਨਾਲ ਨਾਗਪੁਰ ਦੀ ਸੰਭਾਵੀ ਸੰਪਰਕ ਦਾ ਲਾਭ ਉਠਾ ਕੇ ਘੱਟ ਜ਼ਮੀਨੀ ਦਰ ਤੇ ਜ਼ਮੀਨ ਲੈ ਸਕਦੀਆਂ ਹਨ। ਵੇਅਰਹਾਊਸਿੰਗ ਵਰਗੀਆਂ ਸਹੂਲਤਾਂ ਦਾ ਫਾਇਦਾ। ਟਾਟਾ ਸਮੂਹ ਦੇਸ਼ ਦਾ ਸਭ ਤੋਂ ਵੱਡਾ ਕਾਰੋਬਾਰੀ ਸਮੂਹ ਹੈ ਤੇ ਇਸ ਦਾ ਕਾਰੋਬਾਰ ਸਟੀਲ, ਆਟੋ, ਐਫਐਮਸੀਜੀ, ਆਈਟੀ ਸੇਵਾਵਾਂ ਤੇ ਹਵਾਬਾਜ਼ੀ ਖੇਤਰਾਂ ਵਿੱਚ ਫੈਲਿਆ ਹੋਇਆ ਹੈ। ਹਾਲ ਹੀ ਵਿੱਚ ਟਾਟਾ ਸਮੂਹ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਨੇ ਇੱਕ ਸਮਾਗਮ ਵਿੱਚ ਬਿਆਨ ਦਿੱਤਾ ਸੀ ਕਿ ਟਾਟਾ ਸਮੂਹ, ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਗਠਿਤ ਮਹਾਰਾਸ਼ਟਰ ਸਰਕਾਰ ਦੇ ਨਾਲ ਇਲੈਕਟ੍ਰੋਨਿਕਸ, ਨਵਿਆਉਣਯੋਗ ਊਰਜਾ, ਇਲੈਕਟ੍ਰਿਕ ਵਾਹਨਾਂ ਵਰਗੇ ਖੇਤਰਾਂ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਦੀ ਖੋਜ ਕਰ ਰਿਹਾ ਹੈ। ਇਹ ਪੱਤਰ ਅਜਿਹੇ ਸਮੇਂ ਮੀਡੀਆ 'ਚ ਆਇਆ ਹੈ ਜਦੋਂ ਗੁਜਰਾਤ 'ਚ ਡੇਢ ਲੱਖ ਕਰੋੜ ਰੁਪਏ ਦਾ ਵੇਦਾਂਤਾ-ਫਾਕਸਕਾਨ ਚਿੱਪ ਨਿਰਮਾਣ ਪ੍ਰਾਜੈਕਟ ਤੇ 22 ਹਜ਼ਾਰ ਕਰੋੜ ਰੁਪਏ ਦਾ ਏਅਰਬੱਸ ਤੇ ਟਾਟਾ ਏਅਰਕ੍ਰਾਫਟ ਨਿਰਮਾਣ ਪ੍ਰਾਜੈਕਟ ਲਗਾਇਆ ਜਾ ਰਿਹਾ ਹੈ।