ਯੂਪੀ ’ਚ ਰੇਤ ਨਾਲ ਭਰਿਆ ਟਰੱਕ ਸੜਕ ਕੰਢੇ ਸੁੱਤੇ ਲੋਕਾਂ ’ਤੇ ਪਲਟਿਆ, ਇੱਕੋ ਪਰਿਵਾਰ ਦੇ 4 ਬੱਚਿਆਂ ਸਮੇਤ 8 ਲੋਕਾਂ ਦੀ ਮੌਤ

ਹਰਦੋਈ, 12 ਜੂਨ : ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਅੱਜ ਸਵੇਰੇ ਗੰਗਾ ਨਦੀ ’ਚੋਂ ਰੇਤ ਲੈ ਕੇ ਜਾ ਰਿਹਾ ਟਰੱਕ ਬੇਕਾਬੂ ਹੋ ਕੇ ਸੜਕ ਕੰਢੇ ਝੁੱਗੀਆਂ ਦੇ ਬਾਹਰ ਸੁੱਤੇ ਲੋਕਾਂ ਉੱਤੇ ਪਲਟ ਗਿਆ, ਜਿਸ ਕਾਰਨ ਚਾਰ ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਜੇਸੀਬੀ ਦੀ ਮਦਦ ਨਾਲ ਰੇਤ ਹੇਠ ਦਬੀਆਂ ਲਾਸ਼ਾਂ ਕੱਢੀਆਂ। ਹਾਦਸੇ ’ਚ ਜ਼ਖ਼ਮੀ 4 ਸਾਲਾ ਬੱਚੀ ਦਾ ਹਸਪਤਾਲ ’ਚ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਸੁਪਰਡੈਂਟ ਕੇਸ਼ਵ ਚੰਦਰ ਗੋਸਵਾਮੀ ਨੇ ਦਸਿਆ ਕਿ ਮਲਾਵਾ ਥਾਣਾ ਖੇਤਰ ਦੇ ਕਾਨਪੁਰ-ਉਨਾਓ ਰੋਡ 'ਤੇ ਸੜਕ ਕਿਨਾਰੇ ਝੌਂਪੜੀ ਦੇ ਬਾਹਰ ਸੌਂ ਰਹੇ ਇਕੋ ਪਰਿਵਾਰ ਦੇ ਲੋਕਾਂ 'ਤੇ ਰੇਤ ਨਾਲ ਭਰਿਆ ਇਕ ਟਰੱਕ ਬੇਕਾਬੂ ਹੋ ਗਿਆ ਅਤੇ ਪਲਟ ਗਿਆ। ਇਹ ਪਰਿਵਾਰ ਕਾਲਾ ਬਾਜ਼ ਜਾਤੀ ਨਾਲ ਸਬੰਧਤ ਹੈ। ਉਨ੍ਹਾਂ ਨੇ ਦਸਿਆ ਕਿ ਚਾਰ ਬੱਚਿਆਂ ਅਤੇ ਦੋ ਔਰਤਾਂ ਸਮੇਤ ਅੱਠ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜੇਸੀਬੀ ਦੀ ਮਦਦ ਨਾਲ ਟਰੱਕ ਅਤੇ ਰੇਤ ਨੂੰ ਹਟਾਇਆ ਅਤੇ ਉਸ ਦੇ ਹੇਠਾਂ ਦੱਬੀਆਂ ਲਾਸ਼ਾਂ ਨੂੰ ਬਾਹਰ ਕੱਢਿਆ। ਗੋਸਵਾਮੀ ਨੇ ਦਸਿਆ ਕਿ ਅਵਧੇਸ਼ (40), ਸੁਧਾ (35), ਲਾਲਾ (5), ਸੁਨੈਨਾ (11), ਬੁੱਧੂ (4), ਹੀਰੋ (25), ਕਰਨ (30) ਅਤੇ ਬਿਹਾਰੀ (2) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਚਾਰ ਸਾਲਾ ਬਿੱਟੂ ਜ਼ਖਮੀ ਹੋ ਗਈ ਅਤੇ ਉਸ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪੁਲਿਸ ਅਨੁਸਾਰ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਸੁਪਰਡੈਂਟ ਅਤੇ ਜ਼ਿਲ੍ਹਾ ਮੈਜਿਸਟਰੇਟ ਮੌਕੇ 'ਤੇ ਪਹੁੰਚੇ ਅਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿਤੇ, ਜਿਸ ਕਾਰਨ ਇਕ ਲੜਕੀ ਅਤੇ ਬਾਂਦਰ ਨੂੰ ਬਚਾਇਆ ਗਿਆ। ਪੁਲਿਸ ਨੇ ਟਰੱਕ ਡਰਾਈਵਰ ਅਵਧੇਸ਼ ਨੂੰ ਗ੍ਰਿਫਤਾਰ ਕਰ ਲਿਆ ਅਤੇ ਵਾਹਨ ਨੂੰ ਜ਼ਬਤ ਕਰ ਲਿਆ। ਪੁਲਿਸ ਅਨੁਸਾਰ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।