ਯਮੁਨਾ ਐਕਸਪ੍ਰੈਸ ਵੇਅ 'ਤੇ ਵਾਪਰੀ ਦਰਦਨਾਕ ਘਟਨਾ, ਪੰਜ ਲੋਕਾਂ ਦੀ ਮੌਤ 

ਮਥੁਰਾ, 12 ਫਰਵਰੀ : ਯਮੁਨਾ ਐਕਸਪ੍ਰੈਸ ਵੇਅ 'ਤੇ ਸਵੇਰੇ ਇਕ ਦਰਦਨਾਕ ਘਟਨਾ ਵਾਪਰੀ। ਆਗਰਾ ਤੋਂ ਨੋਇਡਾ ਜਾ ਰਹੀ ਇੱਕ ਨਿੱਜੀ ਵੋਲਵੋ ਬੱਸ ਦਾ ਪਹੀਆ ਅਚਾਨਕ ਪੰਕਚਰ ਹੋ ਗਿਆ। ਇਸ ਕਾਰਨ ਬੱਸ ਬੇਕਾਬੂ ਹੋ ਕੇ ਸੜਕ 'ਤੇ ਪਲਟ ਗਈ। ਇਸ ਦੌਰਾਨ ਪਿੱਛੇ ਤੋਂ ਆ ਰਹੀ ਸਵਿਫਟ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਘਟਨਾ ਸੋਮਵਾਰ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਵਾਪਰੀ। ਕੁਝ ਦੇਰ ਵਿਚ ਹੀ ਦੋਵੇਂ ਵਾਹਨਾਂ ਨੂੰ ਅੱਗ ਲੱਗ ਗਈ। ਯਮੁਨਾ ਐਕਸਪ੍ਰੈਸ ਵੇਅ 'ਤੇ ਜਾਮ ਲੱਗ ਗਿਆ। ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਸ਼ੈਲੇਸ਼ ਪਾਂਡੇ ਨੇ ਦੱਸਿਆ ਕਿ “ਯਮੁਨਾ ਐਕਸਪ੍ਰੈਸ ਵੇਅ ‘ਤੇ ਵਾਪਰੇ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਆਗਰਾ ਤੋਂ ਨੋਇਡਾ ਜਾ ਰਹੀ ਇੱਕ ਬੱਸ ਡਿਵਾਈਡਰ ਨਾਲ ਟਕਰਾ ਗਈ ਅਤੇ ਆਪਣਾ ਕੰਟਰੋਲ ਗੁਆ ਬੈਠੀ ਤੇ ਇੱਕ ਕਾਰ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਵਾਰੀਆਂ ਨੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪਰ ਕਾਰ ‘ਚ ਸਵਾਰ ਲੋਕ ਸੜ ਗਏ। ਚਸ਼ਮਦੀਦਾਂ ਮੁਤਾਬਕ ਅੱਧਾ ਘੰਟਾ ਬੀਤ ਜਾਣ ਦੇ ਬਾਵਜੂਦ ਫਾਇਰ ਬ੍ਰਿਗੇਡ ਦੀ ਗੱਡੀ ਘਟਨਾ ਵਾਲੀ ਥਾਂ ‘ਤੇ ਨਹੀਂ ਪਹੁੰਚੀ। ਅੱਗ ਬੁਝਾਊ ਅਮਲੇ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਯਮੁਨਾ ਐਕਸਪ੍ਰੈਸ ਵੇਅ ‘ਤੇ ਦੋ ਬੱਸਾਂ ਦੇ ਆਪਸ ‘ਚ ਟਕਰਾ ਜਾਣ ਕਾਰਨ ਘੱਟੋ-ਘੱਟ 40 ਲੋਕ ਜ਼ਖਮੀ ਹੋ ਗਏ ਸਨ। ਇਹ ਘਟਨਾ ਮਥੁਰਾ ਦੇ ਮਾਈਲ ਸਟੋਨ 110 ਰਾਇਆ ਕੱਟ ‘ਤੇ ਵਾਪਰੀ ਸੀ। ਉੱਤਰ ਪ੍ਰਦੇਸ਼ ਵਿੱਚ 6-ਲੇਨ ਚੌੜਾ ਅਤੇ 165.5 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਦੇਸ਼ ਦਾ ਛੇਵਾਂ ਸਭ ਤੋਂ ਲੰਬਾ ਐਕਸਪ੍ਰੈਸਵੇਅ ਹੈ ਅਤੇ ਗ੍ਰੇਟਰ ਨੋਇਡਾ ਨੂੰ ਆਗਰਾ ਨਾਲ ਜੋੜਦਾ ਹੈ।