ਉੱਤਰ ਪ੍ਰਦੇਸ਼ ਵਿੱਚ ਸ਼ਰਧਾਲੂਆਂ ਦੀ ਟ੍ਰੈਕਟਰ ਟਰਾਲੀ ਤਲਾਬ 'ਚ ਪਲਟੀ, 22 ਮੌਤਾਂ

ਕਾਸਗੰਜ, 24 ਫਰਵਰੀ : ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ 22 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਇਕ ਦਰਜਨ ਜ਼ਖ਼ਮੀਆਂ ਨੂੰ ਕਮਿਊਨਿਟੀ ਹੈਲਥ ਸੈਂਟਰ ਤੇ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਦੀ ਗਿਣਤੀ ਦੋ ਦਰਜਨ ਤੱਕ ਪਹੁੰਚ ਸਕਦੀ ਹੈ। ਪਿੰਡ ਵਾਸੀ ਅਤੇ ਪੁਲਿਸ ਮੁਲਾਜ਼ਮ ਰਾਹਤ ਅਤੇ ਬਚਾਅ ਕਾਰਜਾਂ ‘ਚ ਲੱਗੇ ਹੋਏ ਹਨ। ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਕਰੀਬ 10 ਵਜੇ ਕਾਸਗੰਜ ਦੇ ਪਟਿਆਲੀ ਦਰਿਆਵਗੰਜ ਰੋਡ ‘ਤੇ ਇਕ ਸ਼ਰਧਾਲੂਆਂ ਨਾਲ ਭਰੀ ਬੇਕਾਬੂ ਟਰੈਕਟਰ ਟਰਾਲੀ ਛੱਪੜ ‘ਚ ਡਿੱਗ ਗਈ। ਟਰਾਲੀ ਵਿੱਚ ਸਵਾਰ ਸੱਤ ਬੱਚਿਆਂ ਅਤੇ ਅੱਠ ਬੀਬੀਆਂ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਛੱਪੜ ਵਿੱਚੋਂ ਬਚਾਏ ਗਏ ਸ਼ਰਧਾਲੂਆਂ ਨੂੰ ਸਿਹਤ ਕੇਂਦਰ ਪਟਿਆਲੀ ਭੇਜ ਦਿੱਤਾ ਗਿਆ ਹੈ। ਇਹ ਸਾਰੇ ਸ਼ਰਧਾਲੂ ਏਟਾ ਜ਼ਿਲ੍ਹੇ ਦੇ ਕਾਹਾ ਪਿੰਡ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਏਟਾ ਦੇ ਜੈਥਰਾ ਥਾਣਾ ਖੇਤਰ ਕਸਾ ਪੂਰਬੀ ਪਿੰਡ ਦੇ ਦੋ ਦਰਜਨ ਤੋਂ ਵੱਧ ਪਿੰਡ ਵਾਸੀ ਕਾਦਰਗੰਜ ਗੰਗਾ ਘਾਟ 'ਤੇ ਇਸ਼ਨਾਨ ਲਈ ਟਰੈਕਟਰ 'ਤੇ ਨਿਕਲੇ ਸਨ। ਟਰੈਕਟਰ-ਟਰਾਲੀ 'ਚ ਔਰਤਾਂ ਦੇ ਨਾਲ-ਨਾਲ ਕਈ ਬੱਚੇ ਵੀ ਸਵਾਰ ਸਨ। ਜਾਣਕਾਰੀ ਮੁਤਾਬਕ ਸਵੇਰੇ ਕਰੀਬ 11 ਵਜੇ ਦਰਿਆਬਗੰਜ ਨੇੜੇ ਹਾਈਵੇਅ 'ਤੇ ਟਰੈਕਟਰ ਦੀ ਕਪਲਿੰਗ ਅਚਾਨਕ ਟੁੱਟ ਗਈ ਜਿਸ ਕਾਰਨ ਟਰੈਕਟਰ ਤੇ ਟਰਾਲੀ ਬੇਕਾਬੂ ਹੋ ਕੇ ਛੱਪੜ 'ਚ ਜਾ ਡਿੱਗੇ। ਇਸ ਤੋਂ ਬਾਅਦ ਚੀਕ-ਚਿਹਾੜਾ ਮਚ ਗਿਆ। ਹਾਈਵੇਅ ਤੋਂ ਲੰਘ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਛੱਪੜ 'ਚੋਂ ਲੋਕਾਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਦੁਪਹਿਰ 12 ਵਜੇ ਤਕ 15 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਸਨ। ਇਸ ਤੋਂ ਬਾਅਦ ਚਾਰ ਹੋਰ ਲਾਸ਼ਾਂ ਬਰਾਮਦ ਹੋਈਆਂ। ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ। ਗਿਣਤੀ ਹੋਰ ਵਧਣ ਦੀ ਉਮੀਦ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਪਿੰਡ ਕਸਾ ਪੂਰਬੀ ਦੇ ਲੋਕ ਉਥੇ ਪਹੁੰਚ ਗਏ ਤੇ ਛੱਪੜ ਦੇ ਕੰਢੇ ਹਫੜਾ-ਦਫੜੀ ਮਚ ਗਈ। ਭੀੜ ਕਾਰਨ ਹਾਈਵੇਅ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ। ਸੀਓ ਪਟਿਆਲੀ ਵਿਜੇ ਰਾਣਾ ਨੇ ਦੱਸਿਆ ਕਿ ਰਾਹਤ ਕਾਰਜ ਜਾਰੀ ਹੈ। ਸੀਐਮਓ ਰਾਜੀਵ ਅਗਰਵਾਲ ਨੇ ਦੱਸਿਆ ਕਿ ਹਾਦਸੇ ਵਿੱਚ 22 ਜਣਿਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਸੱਤ ਮਾਸੂਮ ਬੱਚੇ ਸ਼ਾਮਲ ਹਨ, ਜਦੋਂ ਕਿ ਅੱਠ ਬੀਬੀਆਂ ਸ਼ਾਮਲ ਹਨ।