''ਅੱਜ ਦੀ ਗਲੋਬਲ ਸਥਿਤੀ 'ਚ ਨਾ ਸਿਰਫ ਭਾਰਤ ਸਗੋਂ ਪੂਰੀ ਦੁਨੀਆ ਦਾ ਧਿਆਨ ਭਾਰਤ ਦੇ ਬਜਟ ਵੱਲ ਹੈ : ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ,  31 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦਾ ਬਜਟ ਆਮ ਨਾਗਰਿਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ ਅਤੇ ਵਿਸ਼ਵ ਆਰਥਿਕ ਅਸਥਿਰਤਾ ਦਰਮਿਆਨ ਦੁਨੀਆ ਲਈ ਉਮੀਦ ਦੀ ਕਿਰਨ ਵੀ ਬਣੇਗਾ। ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਅਰਥ ਸ਼ਾਸਤਰ ਦੀ ਦੁਨੀਆ ਦੀਆਂ ਉੱਘੀਆਂ ਆਵਾਜ਼ਾਂ ਦੇਸ਼ ਲਈ ਸਕਾਰਾਤਮਕ ਸੰਦੇਸ਼ ਲੈ ਕੇ ਆ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ ਸੈਸ਼ਨ 'ਚ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਤਕਰਾਰ ਹੋਵੇਗੀ ਪਰ ਨਾਲ ਹੀ ਉਮੀਦ ਪ੍ਰਗਟਾਈ ਕਿ ਇਸ ਦੌਰਾਨ ਵਿਰੋਧੀ ਧਿਰ ਦੇ ਮੈਂਬਰ ਵੀ ਤਿਆਰੀ ਨਾਲ ਵਿਚਾਰ-ਵਟਾਂਦਰਾ ਕਰਨਗੇ। ਉਹਨਾਂ ਨੇ ਕਿਹਾ, ''ਅੱਜ ਦੀ ਗਲੋਬਲ ਸਥਿਤੀ 'ਚ ਨਾ ਸਿਰਫ ਭਾਰਤ ਸਗੋਂ ਪੂਰੀ ਦੁਨੀਆ ਦਾ ਧਿਆਨ ਭਾਰਤ ਦੇ ਬਜਟ ਵੱਲ ਹੈ। ਵਿਸ਼ਵ ਦੀ ਅਸਥਿਰ ਆਰਥਿਕ ਸਥਿਤੀ ਵਿਚ ਭਾਰਤ ਦਾ ਬਜਟ ਭਾਰਤ ਦੇ ਆਮ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਮੈਨੂੰ ਯਕੀਨ ਹੈ ਕਿ ਵਿੱਤ ਮੰਤਰੀ  ਨਿਰਮਲਾ ਸੀਤਾਰਮਨ ਇਹਨਾਂ ਉਮੀਦਾਂ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰੇਗੀ।” ਪੀਐਮ ਮੋਦੀ ਨੇ ਕਿਹਾ ਕਿ ਅੱਜ ਦਾ ਮੌਕਾ ਖਾਸ ਹੈ ਕਿਉਂਕਿ ਇਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਪਹਿਲਾ ਸੰਬੋਧਨ ਹੈ। ਉਹਨਾਂ ਕਿਹਾ, "ਰਾਸ਼ਟਰਪਤੀ ਦਾ ਸੰਬੋਧਨ ਭਾਰਤ ਦੇ ਸੰਵਿਧਾਨ ਦਾ ਮਾਣ ਹੈ, ਭਾਰਤ ਦੀ ਸੰਸਦੀ ਪ੍ਰਣਾਲੀ ਦਾ ਮਾਣ ਹੈ ਅਤੇ ਖਾਸ ਤੌਰ 'ਤੇ ਅੱਜ ਔਰਤਾਂ ਨੂੰ ਸਨਮਾਨ ਦੇਣ ਦਾ ਵੀ ਮੌਕਾ ਹੈ। ਸਾਡੇ ਦੇਸ਼ ਦੀ ਮਹਾਨ ਕਬਾਇਲੀ ਪਰੰਪਰਾ ਦਾ ਸਨਮਾਨ ਕਰਨ ਦਾ ਮੌਕਾ ਵੀ ਆਇਆ ਹੈ, ਜੋ ਕਿ ਦੂਰ-ਦੁਰਾਡੇ ਦੇ ਜੰਗਲਾਂ ਵਿਚ ਰਹਿੰਦੀ ਹੈ। ਮੋਦੀ ਨੇ ਕਿਹਾ ਕਿ ਛੇ-ਸੱਤ ਦਹਾਕਿਆਂ ਤੋਂ ਸੰਸਦੀ ਕੰਮਕਾਜ 'ਚ ਜੋ ਪਰੰਪਰਾਵਾਂ ਬਣੀਆਂ ਹੋਈਆਂ ਹਨ, ਉਹਨਾਂ ਰਵਾਇਤਾਂ 'ਚ ਦੇਖਿਆ ਗਿਆ ਹੈ ਕਿ ਜੇਕਰ ਕੋਈ ਨਵਾਂ ਸੰਸਦ ਮੈਂਬਰ ਪਹਿਲੀ ਵਾਰ ਸਦਨ 'ਚ ਬੋਲਣ ਲਈ ਖੜ੍ਹਾ ਹੁੰਦਾ ਹੈ ਤਾਂ ਪੂਰਾ ਸਦਨ ​​ਉਸ ਦਾ ਸਨਮਾਨ ਕਰਦਾ ਹੈ। ਉਸ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਇਕ ਤਰ੍ਹਾਂ ਦਾ ਅਨੁਕੂਲ ਮਾਹੌਲ ਸਿਰਜਿਆ ਜਾਂਦਾ ਹੈ, ਜੋ ਕਿ ਇਕ ਨੇਕ ਪਰੰਪਰਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ''ਭਾਰਤ ਪਹਿਲਾਂ, ਨਾਗਰਿਕ ਪਹਿਲਾਂ'' ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ ਸਰਕਾਰ ਦੇ ਕਾਰਜ ਸੰਸਕ੍ਰਿਤੀ ਦਾ ਧੁਰਾ ਰਿਹਾ ਹੈ ਅਤੇ ਇਸੇ ਭਾਵਨਾ ਨੂੰ ਲੈ ਕੇ ਬਜਟ ਸੈਸ਼ਨ ਅੱਗੇ ਵਧਾਇਆ ਜਾਵੇਗਾ। ਉਹਨਾਂ ਕਿਹਾ, “ਬਜਟ ਸੈਸ਼ਨ ਵਿਚ ਤਕਰਾਰ ਹੋਵੇਗੀ ਪਰ ਤਕਰਾਰ ਹੋਣੀ ਵੀ ਚਾਹੀਦੀ ਹੈ। ਮੈਨੂੰ ਭਰੋਸਾ ਹੈ ਕਿ ਸਾਡੇ ਵਿਰੋਧੀ ਧਿਰ ਦੇ ਸਾਰੇ ਸਾਥੀ ਪੂਰੀ ਤਿਆਰੀ ਨਾਲ ਬਹੁਤ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਸਦਨ ਵਿਚ ਆਪਣੇ ਵਿਚਾਰ ਪੇਸ਼ ਕਰਨਗੇ। ਦੇਸ਼ ਦੀ ਨੀਤੀ ਬਣਾਉਣ 'ਚ ਸਦਨ 'ਚ ਬਹੁਤ ਹੀ ਵਧੀਆ ਤਰੀਕੇ ਨਾਲ ਚਰਚਾ ਹੋਵੇਗੀ।