‘ਅੱਜ ਦੇਸ਼ ਵੀਰ ਸਾਹਿਬਜ਼ਾਦਿਆਂ ਦੇ ਅਮਰ ਬਲਿਦਾਨ ਨੂੰ ਯਾਦ ਕਰ ਰਿਹੈ’: ਪ੍ਰਧਾਨ ਮੰਤਰੀ ਮੋਦੀ 

ਨਵੀਂ ਦਿੱਲੀ, 26 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਭਾਰਤ ਮੰਡਪਮ 'ਚ ਵੀਰ ਬਾਲ ਦਿਵਸ ਪ੍ਰੋਗਰਾਮ ਵਿਚ ਹਿੱਸਾ ਲਿਆ। ਦਿੱਲੀ ਦੇ ਭਾਰਤ ਮੰਡਪਮ ਵਿਖੇ 'ਵੀਰ ਬਾਲ ਦਿਵਸ' ਸਮਾਰੋਹ ਵਿਚ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, '...ਵੀਰ ਬਾਲ ਦਿਵਸ' ਭਾਰਤੀਅਤ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਦਾ ਪ੍ਰਤੀਕ ਹੈ।' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, 'ਅੱਜ ਦੇਸ਼ ਵੀਰ ਸਾਹਿਬਜ਼ਾਦਿਆਂ ਦੇ ਅਮਰ ਬਲੀਦਾਨ ਨੂੰ ਯਾਦ ਕਰ ਰਿਹਾ ਹੈ ਤੇ ਉਨ੍ਹਾਂ ਤੋਂ ਪ੍ਰੇਰਨਾ ਲੈ ਰਿਹਾ ਹੈ। ਆਜ਼ਾਦੀ ਦੇ ਅੰਮ੍ਰਿਤਕਾਲ ਵਿਚ ਵੀਰ ਬਾਲ ਦਿਵਸ ਦੇ ਰੂਪ 'ਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ। ਪਿਛਲੇ ਸਾਲ 26 ਦਸੰਬਰ ਨੂੰ ਦੇਸ਼ ਵਿਚ ਪਹਿਲੀ ਵਾਰ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਇਆ ਗਿਆ ਸੀ ਤਾਂ ਦੇਸ਼ ਭਰ ਵਿਚ ਹਰ ਕਿਸੇ ਨੇ ਸਾਹਿਬਜ਼ਾਦਿਆਂ ਦੀ ਬਹਾਦਰੀ ਦੀਆਂ ਗਾਥਾਵਾਂ ਨੂੰ ਬੜੇ ਭਾਵੁਕਤਾ ਨਾਲ ਸੁਣਿਆ। ਵੀਰ ਬਾਲ ਦਿਵਸ ਭਾਰਤੀਅਤਾ ਦੀ ਰੱਖਿਆ ਲਈ ਕੁਝ ਵੀ ਕਰਨ ਦੇ ਸੰਕਲਪ ਦਾ ਪ੍ਰਤੀਕ ਹੈ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਬਹਾਦਰੀ ਦੀ ਸਿਖਰ 'ਤੇ ਉਮਰ ਮਾਅਨੇ ਨਹੀਂ ਰੱਖਦੀ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਵੀਰ ਬਾਲ ਦਿਵਸ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਵੀ ਮਨਾਇਆ ਜਾ ਰਿਹਾ ਹੈ, ਬਰਤਾਨੀਆ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂ.ਏ.ਈ ਅਤੇ ਗ੍ਰੀਸ ‘ਚ ਵੀ ਵੀਰ ਬਾਲ ਦਿਵਸ ਨਾਲ ਸਬੰਧਿਤ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਬਹਾਦਰ ਸਾਹਿਬਜ਼ਾਦਿਆਂ ਬਾਰੇ ਸਾਰੀ ਦੁਨੀਆ ਜਾਣੇਗੀ…।” ਗ੍ਰਹਿ ਮੰਤਰੀ ਅਮਿਤ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਪੱਛਮੀ ਬੰਗਾਲ ਵਿੱਚ ਵੀਰ ਬਾਲ ਦਿਵਸ ਮਨਾਇਆ। ਉਨ੍ਹਾਂ ਨੇ X ‘ਤੇ ਲਿਖਿਆ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਨੂੰ ਨਮਨ ਕਰਦਾ ਹਾਂ। ਸਰਵਉੱਚ ਹਿੰਮਤ ਨਾਲ ਉਹ ਜ਼ਾਲਮ ਮੁਗਲ ਸ਼ਾਸਨ ਖਿਲਾਫ ਖਰ੍ਹੇ ਹੋਏ। ਉਨ੍ਹਾਂ ਧਰਮ ਪਰਿਵਰਤਨ ਦੀ ਬਜਾਏ ਸ਼ਹੀਦੀ ਨੂੰ ਚੁਣਿਆ। ਉਨ੍ਹਾਂ ਦੀ ਬਹਾਦਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਅਮਰੀਕਾ ਦੇ ਵਾਸ਼ਿੰਗਟਨ ਵਿੱਚ ਵੀ ਬਹਾਦਰ ਬਾਲ ਦਿਵਸ ਮਨਾਇਆ ਗਿਆ। ਸਿੱਖ ਭਾਈਚਾਰੇ ਦੇ ਲੋਕਾਂ ਨੇ ਇਸ ਦਿਨ ਨੂੰ ਮਨਾਉਣ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਭਾਰਤੀ ਘੱਟ ਗਿਣਤੀ ਫਾਊਂਡੇਸ਼ਨ ਦੇ ਕਨਵੀਨਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਸ ਦਿਨ ਨੂੰ ਮਨਾ ਕੇ ਲੋਕਾਂ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ, ਗ੍ਰੀਸ ਅਤੇ ਕੈਨੇਡਾ ਵਿੱਚ ਵੀ ਵੀਰ ਬਾਲ ਦਿਵਸ ਮੌਕੇ ਸਾਹਿਬਜ਼ਾਦਿਆਂ ਨੂੰ ਯਾਦ ਕੀਤਾ ਗਿਆ।

ਸਾਹਿਬਜ਼ਾਦਿਆਂ ਦੀ ਬੇਮਿਸਾਲ ਬਹਾਦਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ : ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ, ਉਨ੍ਹਾਂ ਦੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਨੂੰ 'ਵੀਰ ਬਾਲ ਦਿਵਸ' 'ਤੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੇਮਿਸਾਲ ਬਹਾਦਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। 26 ਦਸੰਬਰ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ 'ਵੀਰ ਬਾਲ ਦਿਵਸ' ਵਜੋਂ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਅਪਣੇ ਧਰਮ ਦੀ ਰਾਖੀ ਕਰਦਿਆਂ ਅਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ 'ਚ ਕਿਹਾ, “ਵੀਰ ਬਾਲ ਦਿਵਸ ਮੌਕੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਨਮਨ ਕਰਦਾ ਹਾਂ। ਪਰਮ ਹਿੰਮਤ ਨਾਲ ਉਹ ਬੇਰਹਿਮ ਮੁਗਲ ਸ਼ਾਸਨ ਦੇ ਵਿਰੁਧ ਖੜ੍ਹੇ ਹੋਏ ਅਤੇ ਧਰਮ ਪਰਿਵਰਤਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਨੇ ਸ਼ਹਾਦਤ ਦੀ ਚੋਣ ਕੀਤੀ। ਉਨ੍ਹਾਂ ਦੀ ਬੇਮਿਸਾਲ ਬਹਾਦਰੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।” ਸ਼ਾਹ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ 'ਵੀਰ ਬਾਲ ਦਿਵਸ' ਐਲਾਨ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਕੁਰਬਾਨੀ ਦੀ ਗਾਥਾ ਦੇਸ਼ ਅਤੇ ਦੁਨੀਆਂ ਦੇ ਕੋਨੇ-ਕੋਨੇ 'ਚ ਫੈਲਾਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਨਵਰੀ ਵਿਚ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ, ਪ੍ਰਧਾਨ ਮੰਤਰੀ ਨੇ 26 ਦਸੰਬਰ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ।