ਯਮੁਨਾ ਵਿਚ ਡੁੱਬਣ ਕਾਰਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ਯਮੁਨਾਨਗਰ, 02 ਜੂਨ : ਡੇਰਾਬੱਸੀ ਅਤੇ ਚੰਡੀਗੜ੍ਹ ਦੇ ਤਿੰਨ ਨੌਜਵਾਨਾਂ ਦੀ ਗੁਰਦੁਆਰਾ ਪਾਉਂਟਾ ਸਾਹਿਬ ਨੇੜੇ ਯਮੁਨਾ ਨਦੀ ’ਚ ਇਸ਼ਨਾਨ ਕਰਨ ਦੌਰਾਨ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਦੇ ਯਮੁਨਾਨਗਰ ਤੋਂ ਕੁਝ ਦੂਰੀ ਤੇ ਸਥਿਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਗਏ ਤਿੰਨ ਪੰਜਾਬੀ ਨੌਜਵਾਨਾਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਥੇ ਯਮੁਨਾ ਨਦੀ ’ਚ ਇਸ਼ਨਾਨ ਕਰਦੇ ਸਮੇਂ ਤਿੰਨ ਪੰਜਾਬੀ ਨੌਜਵਾਨ ਰੁੜ੍ਹ ਗਏ। ਇਥੇ ਡੁੱਬਣ ਕਾਰਨ ਤਿੰਨਾਂ ਦੀ ਮੌਤ ਹੋ ਗਈ। ਇਕ ਦੋਸਤ ਨੂੰ ਡੁੱਬਦਾ ਵੇਖ ਦੋ ਨੌਜਵਾਨ ਬਚਾਉਣ ਲਈ ਯਮੁਨਾ ਨਦੀ ਵਿਚ ਉਤਰ ਗਏ। ਇਸ ਦੌਰਾਨ ਤਿੰਨੇ ਰੁੜ੍ਹ ਗਏ। ਮ੍ਰਿਤਕਾਂ ਦੀ ਪਛਾਣ ਧੀਰੇਂਦਰ ਸਿੰਘ ਸੈਣੀ ਉਰਫ਼ ਪ੍ਰਿੰਸ (22) ਪੁੱਤਰ ਸ਼ਾਮ ਸਿੰਘ ਸੈਣੀ ਵਾਸੀ ਡੇਰਾਬੱਸੀ, ਰਾਘਵ ਮਿਸ਼ਰਾ (21) ਪੁੱਤਰ ਨੰਨੇ ਲਾਲ ਮਿਸ਼ਰਾ ਵਾਸੀ ਡੇਰਾਬੱਸੀ ਅਤੇ ਅਭਿਸ਼ੇਕ ਆਜ਼ਾਦ (21) ਪੁੱਤਰ ਰਮੇਸ਼ ਕੁਮਾਰ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ੍ਰੀ ਪਾਉਂਟਾ ਸਾਹਿਬ ਪੁਲਿਸ ਨੂੰ ਸ਼ਾਮ ਕਰੀਬ 6 ਵਜੇ ਤਿੰਨ ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲੀ ਸੀ। ਕਿਹਾ ਜਾ ਰਿਹਾ ਹੈ ਕਿ ਇੱਕ ਨੌਜਵਾਨ ਨੂੰ ਡੁੱਬਦਾ ਦੇਖ ਕੇ ਦੋ ਦੋਸਤ ਉਸ ਨੂੰ ਬਚਾਉਣ ਲਈ ਨਦੀ ’ਚ ਗਏ ਸਨ ਪਰ ਤਿੰਨੇ ਡੁੱਬ ਗਏ। ਬਾਅਦ ’ਚ ਗੋਤਾਖੋਰਾਂ ਦੀ ਮਦਦ ਨਾਲ ਤਿੰਨਾਂ ਦੀਆਂ ਲਾਸ਼ਾਂ ਮਿਲ ਸਕੀਆਂ। ਇਹ ਤਿੰਨੇ ਧੀਰੇਂਦਰ ਦੀ ਥਾਰ ਕਾਰ ’ਚ ਪਾਉਂਟਾ ਸਾਹਿਬ ਪੁੱਜੇ ਸਨ।