ਹਾਥਰਸ ’ਚ ਭਾਜੜ ਦੀ ਘਟਨਾ ਦੇ ਮਾਮਲੇ ’ਚ ਪ੍ਰਸ਼ਾਸਨ ਕੋਲੋਂ ਲਾਪਰਵਾਹੀ ਹੋਈ : ਰਾਹੁਲ ਗਾਂਧੀ 

  • ਰਾਹੁਲ ਗਾਂਧੀ ਨੇ ਹਾਥਰਸ ਭਗਦੜ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ

ਹਾਥਰਸ, 5 ਜੁਲਾਈ 2024 : ਕਾਂਗਰਸ ਸਾਂਸਦ ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਪਿਲਖਨਾ ਪਿੰਡ ਪਹੁੰਚੇ ਅਤੇ ਹਾਥਰਸ ਭਗਦੜ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਜਿਸ ਵਿੱਚ 121 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਦਰਜਨ ਤੋਂ ਵੱਧ ਜ਼ਖਮੀ ਹੋਏ ਸਨ। ਰਾਹੁਲ ਗਾਂਧੀ ਨੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਘਟਨਾ ਅਤੇ ਉਨ੍ਹਾਂ ਨੂੰ ਮਿਲੀ ਮਦਦ ਬਾਰੇ ਜਾਣਕਾਰੀ ਲਈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਹੀ ਮੰਚ 'ਤੇ ਉਠਾਉਣਗੇ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਵੀ ਕਰਨਗੇ। ਕਾਂਗਰਸੀ ਆਗੂ ਨੇ ਬਾਅਦ ਵਿੱਚ ਹਾਥਰਸ ਦਾ ਦੌਰਾ ਕੀਤਾ ਜਿੱਥੇ ਉਹ ਜ਼ਖ਼ਮੀਆਂ ਅਤੇ ਭਗਦੜ ਵਿੱਚ ਮਾਰੇ ਗਏ ਲੋਕਾਂ ਨਾਲ ਮੁਲਾਕਾਤ ਕੀਤੀ।  ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਹਾਥਰਸ ’ਚ ਭਾਜੜ ਦੀ ਘਟਨਾ ਦੇ ਮਾਮਲੇ ’ਚ ਪ੍ਰਸ਼ਾਸਨ ਕੋਲੋਂ ਲਾਪਰਵਾਹੀ ਹੋਈ ਸੀ। ਕਾਂਗਰਸ ਨੇਤਾ ਨੇ ਇਹ ਵੀ ਕਿਹਾ ਕਿ ਉਹ ਇਸ ਨੂੰ ‘ਸਿਆਸੀ’ ਰੰਗ ਨਹੀਂ ਦੇਣਾ ਚਾਹੁੰਦੇ। ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਪੀਲ ਕੀਤੀ ਕਿ ਉਹ ਪੀੜਤਾਂ ਲਈ ਬਿਨਾਂ ਕਿਸੇ ਦੇਰੀ ਦੇ ਵੱਧ ਤੋਂ ਵੱਧ ਮੁਆਵਜ਼ਾ ਜਾਰੀ ਕਰਨ। ਜ਼ਿਕਰਯੋਗ ਹੈ ਕਿ 2 ਜੁਲਾਈ ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਦੇ ਫੁਲਰਾਈ ਪਿੰਡ ’ਚ ਇਕ ਧਾਰਮਕ ਪ੍ਰੋਗਰਾਮ ਦੌਰਾਨ ਭਾਜੜ ਮਚਣ ਨਾਲ 121 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਰਾਹੁਲ ਗਾਂਧੀ ਨੇ ਕਿਹਾ ਇਹ ਦਰਦਨਾਕ ਹੈ ਕਿ ਇੰਨੇ ਸਾਰੇ ਪਰਵਾਰਾਂ ਨੂੰ ਦੁੱਖ ਝੱਲਣਾ ਪਿਆ, ਇੰਨੇ ਸਾਰੇ ਲੋਕਾਂ ਨੇ ਅਪਣੀਆਂ ਜਾਨਾਂ ਗੁਆ ਦਿਤੀਆਂ। ਉਨ੍ਹਾਂ ਕਿਹਾ ਇਹ ਗਰੀਬ ਪਰਵਾਰ ਹਨ ਅਤੇ ਇਹ ਉਨ੍ਹਾਂ ਲਈ ਮੁਸ਼ਕਲ ਸਮਾਂ ਹੈ, ਇਸ ਲਈ ਵੱਧ ਤੋਂ ਵੱਧ ਮੁਆਵਜ਼ਾ ਦਿਤਾ ਜਾਣਾ ਚਾਹੀਦਾ ਹੈ। ਮੈਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਖੁੱਲ੍ਹੇ ਦਿਲ ਨਾਲ ਮੁਆਵਜ਼ਾ ਦੇਣ। ਉਹ ਗਰੀਬ ਲੋਕ ਹਨ ਅਤੇ ਉਨ੍ਹਾਂ ਨੂੰ ਹੁਣ ਇਸ ਦੀ ਜ਼ਰੂਰਤ ਹੈ। ਜੇ ਤੁਸੀਂ ਉਨ੍ਹਾਂ ਨੂੰ ਸਾਲ ਦੇ ਛੇ ਮਹੀਨੇ ਬਾਅਦ ਦਿੰਦੇ ਹੋ ਜਾਂ ਇਸ ’ਚ ਦੇਰੀ ਕਰਦੇ ਹੋ, ਤਾਂ ਇਸ ਨਾਲ ਕਿਸੇ ਨੂੰ ਲਾਭ ਨਹੀਂ ਹੋਵੇਗਾ। ਮੁਆਵਜ਼ਾ ਜਲਦੀ ਤੋਂ ਜਲਦੀ ਦਿਤਾ ਜਾਣਾ ਚਾਹੀਦਾ ਹੈ ਅਤੇ ਜੋ ਵੀ ਦਿਤਾ ਜਾਵੇ ਉਹ ਖੁੱਲ੍ਹੇ ਦਿਲ ਨਾਲ ਦਿਤਾ ਜਾਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨਾਲ ਨਿੱਜੀ ਗੱਲਬਾਤ ਹੋਈ ਸੀ। ਉਨ੍ਹਾਂ ਕਿਹਾ ਮ੍ਰਿਤਕਾਂ ਦੇ ਪਰਵਾਰਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਸੀ। ਪੁਲਿਸ ਪ੍ਰਣਾਲੀ ਉਹ ਨਹੀਂ ਸੀ ,ਜੋ ਹੋਣੀ ਚਾਹੀਦੀ ਸੀ। ਉਹ ਉਦਾਸ ਹਨ, ਉਹ ਸਦਮੇ ’ਚ ਹਨ। ਮੈਂ ਉਨ੍ਹਾਂ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਘਟਨਾ ਦੇ ਪ੍ਰਬੰਧਕਾਂ ਦੇ ਨਾਮ 'ਤੇ ਐਫਆਈਆਰ ਦਰਜ ਕੀਤੀ ਗਈ ਹੈ ਪਰ ਅਜੇ ਤੱਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਸੇਵਾਦਾਰਾਂ ਵਜੋਂ ਜਾਣੇ ਜਾਂਦੇ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪ੍ਰਚਾਰਕਾਂ ਦੇ ਸਮਰਥਕ ਸਨ ਅਤੇ ਸਮਾਗਮ ਦਾ ਪ੍ਰਬੰਧ ਕਰ ਰਹੇ ਸਨ। ਪੁਲਸ ਨੇ ਸੂਰਜ ਪਾਲ ਲਈ ਵੀਰਵਾਰ ਨੂੰ ਮੈਨਪੁਰੀ ਦੇ ਰਾਮ ਕੁਟੀਰ ਚੈਰੀਟੇਬਲ ਟਰੱਸਟ 'ਚ ਤਲਾਸ਼ੀ ਮੁਹਿੰਮ ਚਲਾਈ। ਮੈਨਪੁਰੀ ਦੇ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐਸਪੀ) ਸੁਨੀਲ ਕੁਮਾਰ ਨੇ ਬੁੱਧਵਾਰ ਨੂੰ ਕਿਹਾ ਕਿ 'ਭੋਲੇ ਬਾਬਾ' ਉਨ੍ਹਾਂ ਦੇ ਆਸ਼ਰਮ ਦੇ ਅੰਦਰ ਨਹੀਂ ਮਿਲਿਆ। ਹਾਥਰਸ ਸਿਟੀ ਦੇ ਸੁਪਰਡੈਂਟ ਰਾਹੁਲ ਮਿਥਾਸ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਆਸ਼ਰਮ ਵਿਚ ਪ੍ਰਚਾਰਕ ਨਹੀਂ ਮਿਲਿਆ। ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਘਟਨਾ ਦੀ ਨਿਆਂਇਕ ਜਾਂਚ ਦੇ ਹੁਕਮ ਦਿੱਤੇ। ਮਾਮਲੇ ਦੀ ਵਿਆਪਕਤਾ ਅਤੇ ਜਾਂਚ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਜਸਟਿਸ (ਸੇਵਾਮੁਕਤ) ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਦੀ ਪ੍ਰਧਾਨਗੀ ਹੇਠ ਤਿੰਨ ਮੈਂਬਰੀ ਨਿਆਂਇਕ ਜਾਂਚ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਨਿਆਂਇਕ ਕਮਿਸ਼ਨ ਅਗਲੇ ਦੋ ਮਹੀਨਿਆਂ ਵਿੱਚ ਭਗਦੜ ਦੀ ਘਟਨਾ ਦੀ ਜਾਂਚ ਕਰੇਗਾ ਅਤੇ ਆਪਣੀ ਰਿਪੋਰਟ ਰਾਜ ਸਰਕਾਰ ਨੂੰ ਸੌਂਪੇਗਾ।