ਅੱਤਵਾਦੀਆਂ ਨੇ ਘੁਸਪੈਠ ਦੀ ਕੀਤੀ ਕੋਸ਼ਿਸ਼, ਫ਼ੌਜ ਨੇ ਦੋ ਘੁਸਪੈਠੀਆਂ ਨੂੰ ਕੀਤਾ ਢੇਰ

ਸ੍ਰੀਨਗਰ, 13 ਮਈ : ਉੱਤਰੀ ਕਸ਼ਮੀਰ ਦੇ ਉੜੀ (ਬਾਰਾਮੁਲਾ) ਸੈਕਟਰ ’ਚ ਸਰਹੱਦ ਪਾਰ ਤੋਂ ਅੱਤਵਾਦੀਆਂ ਦੇ ਦਲ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ। ਫ਼ੌਜ ਨੇ ਤੁਰੰਤ ਕਰਾਵਾਈ ਕਰ ਕੇ ਦੋ ਘੁਸਪੈਠੀਆਂ ਨੂੰ ਮਾਰ ਦਿੱਤਾ ਪਰ ਉਨ੍ਹਾਂ ਦੀਆਂ ਲਾਸ਼ਾਂ ਕੰਟਰੋਲ ਰੇਖਾ ’ਤੇ ਪਾਕਿਸਤਾਨੀ ਫ਼ੌਜ ਦੀ ਸਿੱਧੀ ਫਾਇਰਿੰਗ ਰੇਂਜ ’ਚ ਹੋਣ ਕਾਰਨ ਕਬਜ਼ੇ ’ਚ ਨਹੀਂ ਲਈਆਂ ਜਾ ਸਕੀਆਂ। ਹੋਰ ਘੁਸਪੈਠੀਏ ਵਾਪਸ ਭੱਜ ਗਏ। ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਹੈ। ਹਾਲਾਂਕਿ ਫ਼ੌਜ ਨੇ ਘੁਸਪੈਠੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਨਹੀਂ ਕੀਤੀ। ਉੱਥੇ ਪਾਕਿਸਤਾਨੀ ਫ਼ੌਜ ਅੱਤਵਾਦੀਆਂ ਦੀ ਮਦਦ ਨੂੰ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਮੁਕਾਬਲੇ ਦੌਰਾਨ ਘੁਸਪੈਠੀਆਂ ਤੱਕ ਮਦਦ ਪਹੁੰਚਾਉਣ ਤੇ ਮੁਕਾਬਲੇ ਵਾਲੀ ਥਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਪਾਕਿਸਤਾਨੀ ਫ਼ੌਜ ਨੇ ਪਹਿਲੀ ਵਾਰੀ ਕਵਾਡਕਾਪਟਰ (ਡ੍ਰੋਨ) ਵੀ ਉਡਾਇਆ ਪਰ ਜਵਾਨਾਂ ਦੀ ਜਵਾਬੀ ਕਾਰਵਾਈ ’ਤੇ ਡ੍ਰੋਨ ਵਾਪਸ ਪਰਤ ਗਿਆ।