ਜੰਮੂ-ਕਸ਼ਮੀਰ ‘ਚ ਬਾਹਰੋਂ ਕੰਮ ਕਰਨ ਆਏ ਮਜ਼ਦੂਰਾਂ ‘ਤੇ ਅੱਤਵਾਦੀ ਹਮਲਾ,  2 ਮਜ਼ਦੂਰਾਂ ਦੀ ਮੌਤ

ਮੂ-ਕਸ਼ਮੀਰ : ਜੰਮੂ-ਕਸ਼ਮੀਰ ‘ਚ ਇਕ ਵਾਰ ਫਿਰ ਬਾਹਰੋਂ ਕੰਮ ਕਰਨ ਆਏ ਮਜ਼ਦੂਰਾਂ ‘ਤੇ ਅੱਤਵਾਦੀ ਹਮਲਾ ਹੋਇਆ ਹੈ। ਸ਼ੋਪੀਆਂ ਦੇ ਹਰਮੇਨ ‘ਚ ਅੱਤਵਾਦੀਆਂ ਨੇ ਮਜ਼ਦੂਰਾਂ ‘ਤੇ ਗ੍ਰੇਨੇਡ ਹਮਲਾ ਕੀਤਾ। ਜਾਣਕਾਰੀ ਮੁਤਾਬਕ ਹਮਲੇ ‘ਚ 2 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਮਰਨ ਵਾਲੇ ਮਜ਼ਦੂਰਾਂ ਦੀ ਪਛਾਣ ਮਨੀਸ਼ ਕੁਮਾਰ (40) ਪੁੱਤਰ ਰਾਮ ਅਵਤਾਰ ਅਤੇ ਰਾਮ ਸਾਗਰ (50) ਪੁੱਤਰ ਗੱਜਾ ਵਜੋਂ ਹੋਈ ਹੈ। ਦੋਵੇਂ ਉੱਤਰ ਪ੍ਰਦੇਸ਼ ਦੇ ਕਨੌਜ ਜ਼ਿਲ੍ਹੇ ਦੇ ਦਾਨਾਪੁਰਵਾ ਪਿੰਡ ਦੇ ਰਹਿਣ ਵਾਲੇ ਸਨ। 2 ਮਹੀਨੇ ਪਹਿਲਾਂ ਕੰਮ ਕਰਨ ਲਈ ਕਸ਼ਮੀਰ ਗਏ ਸਨ। ਅੱਤਵਾਦੀਆਂ ਨੇ 5 ਮਜ਼ਦੂਰਾਂ ‘ਤੇ ਗ੍ਰੇਨੇਡ ਸੁੱਟਿਆ। ਪੁਲਿਸ ਨੇ ਲਸ਼ਕਰ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦਾ ਨਾਮ ਇਮਰਾਨ ਬਸ਼ੀਰ ਗਨੀ ਹੈ। ਖਬਰਾਂ ਮੁਤਾਬਕ ਅੱਤਵਾਦੀਆਂ ਨੇ ਸੋਮਵਾਰ ਨੂੰ ਇਹ ਹਮਲਾ ਉਸ ਵੇਲੇ ਕੀਤਾ ਜਦੋਂ ਸਾਰੇ ਮਜ਼ਦੂਰ ਆਪਣੇ ਘਰਾਂ ‘ਚ ਸੁੱਤੇ ਹੋਏ ਸਨ। ਪਿਛਲੇ ਤਿੰਨ ਦਿਨਾਂ ਵਿੱਚ ਸ਼ੋਪੀਆਂ ਵਿੱਚ ਟਾਰਗੇਟ ਕਿਲਿੰਗ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਸ਼ੋਪੀਆਂ ‘ਚ ਕਸ਼ਮੀਰ ਦੇ ਪੰਡਿਤ ਪੂਰਨ ਕ੍ਰਿਸ਼ਨ ਭੱਟ ਦੀ ਅੱਤਵਾਦੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦੂਜੇ ਪਾਸੇ ਪੁਲਵਾਮਾ ਵਿੱਚ ਸਪੈਸ਼ਲ ਇਨਵੈਸਟੀਗੇਟਿਵ ਯੂਨਿਟ (SIU) ਦੇ ਛਾਪੇ ਵੀ ਜਾਰੀ ਹਨ। ਬੀਤੇ ਸ਼ਨੀਵਾਰ ਨੂੰ ਸ਼ੋਪੀਆਂ ‘ਚ ਅੱਤਵਾਦੀਆਂ ਨੇ ਇਕ ਕਸ਼ਮੀਰੀ ਪੰਡਿਤ ‘ਤੇ ਗੋਲੀਬਾਰੀ ਕੀਤੀ ਸੀ। ਇਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਚੌਧਰੀ ਗੁੰਡ ਵਾਸੀ ਪੂਰਨ ਕ੍ਰਿਸ਼ਨ ਭੱਟ ਵਜੋਂ ਹੋਈ ਹੈ। ਉਹ ਸਵੇਰੇ 11 ਵਜੇ ਆਪਣੇ ਘਰ ਦੇ ਨੇੜੇ ਲੱਗੇ ਪਲਾਂਟ ਵਿੱਚ ਕੰਮ ਲਈ ਜਾ ਰਿਹਾ ਸੀ। ਇਸ ਦੌਰਾਨ ਅੱਤਵਾਦੀਆਂ ਨੇ ਆ ਕੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਅੱਤਵਾਦੀ ਸੰਗਠਨ KFF ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। 24 ਸਤੰਬਰ ਨੂੰ ਵੀ ਪੁਲਵਾਮਾ ਦੇ ਖਰਭਤਪੋਰਾ ਰਤਨੀਪੋਰਾ ਪਿੰਡ ਵਿੱਚ ਦੋ ਮਜ਼ਦੂਰਾਂ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਦੋਵੇਂ ਬਿਹਾਰ ਦੇ ਬੇਤੀਆ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਸੁਰੱਖਿਆ ਬਲਾਂ ਨੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਵੀ ਚਲਾਈ।