ਕਾਰ ਅਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ, 4 ਲੋਕਾਂ ਦੀ ਮੌਤ, 4 ਗੰਭੀਰ ਜਖ਼ਮੀ 

ਧੌਲਪੁਰ, 17 ਅਪ੍ਰੈਲ : ਰਾਜਸਥਾਨ ਦੇ ਧੌਲਪੁਰ- ਕਰੌਲੀ ਹਾਈਵੇ ਤੇ ਇੱਕ ਕਾਰ ਅਤੇ ਟਰੱਕ ਵਿਚਕਾਰ ਹੋਈ ਭਿਆਨਕ ਟੱਕਰ ‘ਚ ਕਾਰ ‘ਚ ਸਵਾਰ ਚਾਰ ਲੋਕਾਂ ਦੀ ਮੌਤ ਅਤੇ 4 ਲੋਕਾਂ ਦੇ ਗੰਭੀਰ ਰੂਪ ਵਿੱਚ ਜਖ਼ਮੀ ਹੋਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮਧੂ ਨਗਰ ਕਲੋਨੀ ਆਗਰਾ (ੳੇੁਤਰ ਪ੍ਰਦੇਸ਼) ਦੇ 8 ਵਾਸੀ ਕੈਲਾ ਦੇਵੀ ਦੇ ਦਰਸ਼ਨਾਂ ਲਈ ਕਾਰ ‘ਚ ਸਵਾਰ ਹੋ ਕੇ ਜਾ ਰਹੇ ਸਨ ਕਿ ਜਦੋਂ ਉਹ ਧੌਲਪੁਰ –ਕਰੌਲੀ ਹਾਈਵੇ-11ਬੀ ਤੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਕਾਰ ਦੀ ਟੱਕਰ ਹੋ ਗਈ, ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜਖ਼ਮੀ ਹੋ ਗਏ। ਸਥਾਨਕ ਲੋਕਾਂ ਦੀ ਮੱਦਦ ਨਾਲ ਜਖਮੀਆਂ ਨੂੰ ਜਿਲ੍ਹਾ ਹਸਪਤਾਲ ‘ਚ ਇਲਾਜ ਲਈ ਭਰਤੀ ਕਰਵਾਇਆ ਗਿਆ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ। ਕਾਰ ਵਿੱਚ ਡਰਾਈਵਰ ਤੋਂ ਇਲਾਵਾ ਦੋ ਵੱਖ ਵੱਖ ਪਰਿਵਾਰਾਂ ਦੀਆਂ ਔਰਤਾਂ ਅਤੇ ਬੱਚੇ ਸਵਾਰ ਸਨ। ਮ੍ਰਿਤਕਾਂ ਦੀ ਪਹਿਚਾਣ ਕਾਰ ਚਾਲਕ ਗੁੱਡੂ ਚੌਹਾਨ (40), ਵਿਮਲਾ ਸ਼ਰਮਾ (70) ਸੁਮਨ (38) ਅਤੇ ਅੰਸ਼ੂ (8) ਵਜੋਂ ਹੋਈ ਹੈ। ਹਾਦਸੇ ਵਿੱਚ ਨੰਦਿਨੀ ਸ਼ਰਮਾ (38) ਪਤਨੀ ਯਸ਼ਪਾਲ ਸ਼ਰਮਾ, ਆਰੀਆ (11) ਪੁੱਤਰੀ ਯਸ਼ਪਾਲ, ਕਨਿਕਾ (14) ਪੁੱਤਰੀ ਯਸ਼ਪਾਲ ਅਤੇ ਯਸ਼ਪਾਲ ਦਾ ਛੋਟਾ ਭਰਾ ਵਿਕਰਮ ਪੁੱਤਰ ਆਯੂਸ਼ (9) ਜ਼ਖਮੀ ਹੋ ਗਏ। ਜਖ਼ਮੀਆਂ ਦੀ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਤੋਂ ਬਾਅਦ ਅੱਗੇ ਰੈਫਰ ਕਰ ਦਿੱਤਾ ਗਿਆ ਹੈ।