ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ, 100 ਕਿਸਾਨ ਜ਼ਖ਼ਮੀ, ਕੁੱਝ ਕਿਸਾਨਾਂ ਨੂੰ ਹਿਰਾਸਤ ’ਚ ਲਿਆ

ਸ਼ੰਭੂ, 13 ਫਰਵਰੀ : ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਤੇ ਕਾਨੂੰਨ ਦੀ ਮੰਗ ਨੂੰ ਲੈ ਕੇ ਦਿੱਲੀ ਵਲ ਮਾਰਚ ਸ਼ੁਰੂ ਕਰ ਦਿਤਾ। ਹਾਲਾਂਕਿ ਸ਼ੰਭੂ ਵਿਖੇ ਪੁੱਜਣ ’ਤੇ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿਤਾ ਅਤੇ ਪੰਜਾਬ ਨਾਲ ਲਗਦੀ ਸਰਹੱਦ ’ਤੇ ਲਗਾਏ ਗਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ, ਰਬੜ ਦੀਆਂ ਅਤੇ ‘ਅਸਲ ਗੋਲੀਆਂ’ ਵੀ ਚਲਾਈਆਂ ਗਈਆਂ। ਇਸ ਦੌਰਾਨ ਲਗਭਗ 100 ਕਿਸਾਨ ਜ਼ਖ਼ਮੀ ਹੋ ਗਏ। ਅਧਿਕਾਰਤ ਸੂਤਰਾਂ ਨੇ ਦਸਿਆ ਕਿ ਸ਼ੰਭੂ ਸਰਹੱਦ ਨੇੜੇ ਕੁੱਝ ਕਿਸਾਨਾਂ ਨੂੰ ਹਿਰਾਸਤ ’ਚ ਵੀ ਲਿਆ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਕਿਸਾਨਾਂ ਦੇ ‘ਦਿੱਲੀ ਚਲੋ’ ਮਾਰਚ ’ਚ ਸ਼ਾਮਲ ਨੌਜੁਆਨਾਂ ਦੇ ਇਕ ਸਮੂਹ ਨੇ ਅੰਬਾਲਾ ’ਚ ਸ਼ੰਭੂ ਸਰਹੱਦ ’ਤੇ ਲਗਾਏ ਗਏ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਹਰਿਆਣਾ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਜਦੋਂ ਕੁੱਝ ਨੌਜੁਆਨਾਂ ਨੇ ਲੋਹੇ ਦੇ ਬੈਰੀਕੇਡ ਤੋੜ ਕੇ ਘੱਗਰ ਦਰਿਆ ਦੇ ਪੁਲ ਤੋਂ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੂੰ ਅੱਥਰੂ ਗੈਸ ਦੇ ਕਈ ਗੋਲੇ ਛੱਡਣੇ ਪਏ।  ਵੱਡੀ ਗਿਣਤੀ ’ਚ ਕਿਸਾਨਾਂ ਨੇ ਸਵੇਰੇ 10 ਵਜੇ ਦੇ ਕਰੀਬ ਫਤਿਹਗੜ੍ਹ ਸਾਹਿਬ ਤੋਂ ਅਪਣੇ ਟਰੈਕਟਰ-ਟਰਾਲੀਆਂ ਨਾਲ ਮਾਰਚ ਸ਼ੁਰੂ ਕੀਤਾ ਅਤੇ ਸ਼ੰਭੂ ਬਾਰਡਰ ਰਾਹੀਂ ਦਿੱਲੀ ਵਲ ਜਾ ਰਹੇ ਹਨ। ਫਤਹਿਗੜ੍ਹ ਸਾਹਿਬ ਅਤੇ ਸ਼ੰਭੂ ਬਾਰਡਰ ਵਿਚਕਾਰ ਦੀ ਦੂਰੀ ਲਗਭਗ 35-40 ਕਿਲੋਮੀਟਰ ਹੈ। ਕਿਸਾਨਾਂ ਦਾ ਟਰੈਕਟਰ ਟਰਾਲੀ ਕਾਫਲਾ ਕੌਮੀ ਰਾਜਮਾਰਗ ’ਤੇ ਸ਼ੰਭੂ ਬਾਰਡਰ ਵਲ ਵਧਦਾ ਵੇਖਿਆ ਗਿਆ। ਹਰਿਆਣਾ ਵਾਲੇ ਪਾਸੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਪੰਜਾਬ ਵਾਲੇ ਪਾਸੇ ਤੋਂ ਸਰਹੱਦ ’ਤੇ ਆਉਣ ਵਾਲੇ ਨੌਜੁਆਨਾਂ ਦੇ ਇਕ ਸਮੂਹ ਨੂੰ ਸ਼ੰਭੂ ਬਾਰਡਰ ਨੇੜੇ ਬੈਰੀਕੇਡਾਂ ਤੋਂ ਦੂਰ ਰਹਿਣ ਲਈ ਵੀ ਕਿਹਾ। ਹਰਿਆਣਾ ਦੇ ਅਧਿਕਾਰੀਆਂ ਨੇ ਅੰਬਾਲਾ, ਜੀਂਦ, ਫਤਿਹਾਬਾਦ, ਕੁਰੂਕਸ਼ੇਤਰ ਅਤੇ ਸਿਰਸਾ ’ਚ ਕਈ ਥਾਵਾਂ ’ਤੇ ਕੰਕਰੀਟ ਬੈਰੀਅਰਾਂ, ਲੋਹੇ ਦੀਆਂ ਕਿੱਲਾਂ ਅਤੇ ਕੰਡਿਆਲੀ ਤਾਰਾਂ ਦੀ ਵਰਤੋਂ ਕਰ ਕੇ ਪੰਜਾਬ ਨਾਲ ਲਗਦੀਆਂ ਸੂਬੇ ਦੀਆਂ ਸਰਹੱਦਾਂ ਨੂੰ ਮਜ਼ਬੂਤ ਕੀਤਾ ਹੈ। ਸਰਹੱਦਾਂ ’ਤੇ ਕਈ ਥਾਵਾਂ ’ਤੇ ਪਾਣੀ ਦੀਆਂ ਤੋਪਾਂ ਸਮੇਤ ਦੰਗਾ ਰੋਕੂ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ। ਸੁਰੱਖਿਆ ਕਰਮਚਾਰੀ ਡਰੋਨ ਰਾਹੀਂ ਸੁਰੱਖਿਆ ਦੀ ਨਿਗਰਾਨੀ ਵੀ ਕਰ ਰਹੇ ਹਨ। ਹਰਿਆਣਾ ਸਰਕਾਰ ਨੇ ਅਪਰਾਧਕ ਪ੍ਰਕਿਰਿਆ ਜ਼ਾਬਤਾ ਦੀ ਧਾਰਾ 144 ਤਹਿਤ 15 ਜ਼ਿਲ੍ਹਿਆਂ ’ਚ ਪਾਬੰਦੀਆਂ ਲਗਾਈਆਂ ਹਨ, ਜੋ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਅਤੇ ਟਰੈਕਟਰ-ਟਰਾਲੀਆਂ ਨਾਲ ਜੁੜੇ ਕਿਸੇ ਵੀ ਪ੍ਰਦਰਸ਼ਨ ’ਤੇ ਪਾਬੰਦੀ ਲਗਾਉਂਦੀ ਹੈ। ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਅੱਜ ਭਾਰਤ ਦੇ ਇਤਿਹਾਸ ਦਾ ਕਾਲਾ ਦਿਨ ਹੈ। ਜਿਸ ਤਰ੍ਹਾਂ ਮੋਦੀ ਸਰਕਾਰ ਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ’ਤੇ ਹਮਲਾ ਕੀਤਾ, ਉਹ ਸ਼ਰਮਨਾਕ ਹੈ। ਉਨ੍ਹਾਂ ਅੱਗੇ ਕਿਹਾ, ‘‘ਅੱਜ ਵੀ ਅਸੀਂ ਕਹਿੰਦੇ ਹਾਂ ਕਿ ਅਸੀਂ ਦੇਸ਼ ਦੇ ਕਿਸਾਨ ਅਤੇ ਮਜ਼ਦੂਰ ਹਾਂ ਅਤੇ ਕੋਈ ਲੜਾਈ ਨਹੀਂ ਚਾਹੁੰਦੇ। ਉਨ੍ਹਾਂ ਨੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਅਤੇ ਕਰਜ਼ਾ ਮੁਆਫੀ ਲਈ ਕਾਨੂੰਨੀ ਗਰੰਟੀ ਦੀ ਕਿਸਾਨਾਂ ਦੀ ਮੰਗ ਨੂੰ ਦੁਹਰਾਇਆ। ਪੰਧੇਰ ਨੇ ਕਿਹਾ ਕਿ ਜਦ ਕਿ ਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਕਿਸਾਨਾਂ ਨੂੰ ਸੜਕਾਂ ’ਤੇ ਉਤਰਨ ਅਤੇ ਦਿੱਲੀ ਵਲ ਮਾਰਚ ਕਰਨ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਅੰਦੋਲਨ ਸ਼ਾਂਤਮਈ ਰਿਹਾ ਹੈ। ਕਿਸਾਨ ਆਗੂ ਨੇ ਕਿਹਾ, ‘‘ਹੁਣ ਸ਼ਾਮ ਹੋ ਗਈ ਹੈ। ਅਸੀਂ ਅਪਣੇ ਨੌਜੁਆਨਾਂ ਨੂੰ ਦੱਸਾਂਗੇ ਕਿ ਦੋਹਾਂ ਧਿਰਾਂ ਵਿਚਾਲੇ ਟਕਰਾਅ ਬੰਦ ਹੋਣਾ ਚਾਹੀਦਾ ਹੈ। ਅਸੀਂ ਕੱਲ੍ਹ ਦੁਬਾਰਾ ਮਿਲਾਂਗੇ। ਇਕ ਹੋਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦਾਅਵਾ ਕੀਤਾ ਕਿ ਪੁਲਿਸ ਕਾਰਵਾਈ ਵਿਚ ਲਗਭਗ 60 ਨੌਜੁਆਨ ਕਿਸਾਨ ਜ਼ਖਮੀ ਹੋਏ ਹਨ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੀ ਨੁਮਾਇੰਦਗੀ ਕਰਨ ਵਾਲੇ ਡੱਲੇਵਾਲ ਨੇ ਕਿਹਾ ਕਿ ਕੇਂਦਰ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਕੋਈ ਗੰਭੀਰਤਾ ਨਹੀਂ ਵਿਖਾ ਰਿਹਾ ਹੈ। ਉਨ੍ਹਾਂ ਕਿਹਾ ਅਸੀਂ ਅਪਣੇ ਵਿਚਾਰ ਰਖਣਾ ਚਾਹੁੰਦੇ ਹਾਂ। ਕੋਈ ਨਵੀਂ ਮੰਗ ਨਹੀਂ ਹੈ ਅਤੇ ਇਹ ਸਰਕਾਰ ਵਲੋਂ ਕੀਤੇ ਗਏ ਵਾਅਦੇ ਹਨ। 

ਪੰਜਾਬ ਸਰਕਾਰ ਵਲੋਂ ਹਸਪਤਾਲਾਂ ਨੂੰ ਅਲਰਟ ਜਾਰੀ
ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਮੋਰਚੇ ਨਾਲ ਡਟ ਕੇ ਖੜ੍ਹਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਮੋਰਚੇ ਦੌਰਾਨ ਜਖ਼ਮੀ ਹੋਏ ਕਿਸਾਨਾਂ ਦੀ ਮਦਦ ਲਈ ਸਰਕਾਰ ਵਲੋਂ ਸੰਗਰੂਰ, ਪਟਿਆਲਾ, ਡੇਰਾਬੱਸੀ, ਮਾਨਸਾ ਤੇ ਬਠਿੰਡਾ ਦੇ ਸਾਰੇ ਹਸਪਤਾਲਾਂ ਨੂੰ ਅਲਰਟ ਜਾਰੀ ਕਰਦਿਆਂ ਉਹਨਾਂ ਕਿਹਾ ਕਿ ਬਾਰਡਰਾਂ ਤੇ ਐਂਬੂਲੈਂਸਾਂ ਦੀ ਤੈਨਾਤੀ ਵਧਾਈ ਜਾਵੇ। ਇਸ ਤੋਂ ਇਲਾਵਾ ਡਾਕਟਰਾਂ ਤੇ ਸਟਾਫ਼ ਨੂੰ ਵੀ ਹਸਪਤਾਲਾਂ ਵਿਚ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਹਰਿਆਣਾ ਪੁਲਿਸ ਕਾਰਵਾਈ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋਏ ਕਿਸਾਨਾਂ ਦਾ ਤੁਰੰਤ ਇਲਾਜ਼ ਕਰਨ ਦੇ ਹੁਕਮ ਕੀਤੇ ਹਨ।