ਕੁੱਤੇ ਦੇ ਹਮਲੇ ਤੋਂ ਬਚਣ ਲਈ ਸਵੀਗੀ ਡਿਲਿਵਰੀ ਬੁਆਏ ਨੇ ਤੀਜੀ ਮੰਜ਼ਿਲ ਤੋਂ ਮਾਰੀ ਸੀ ਛਾਲ, ਹਸਪਤਾਲ ‘ਚ ਮੌਤ

ਤੇਲੰਗਾਨਾ,16 ਜਨਵਰੀ : ਤੇਲੰਗਾਨਾ ਦੇ ਹੈਦਰਾਬਾਦ ਵਿਚ ਇਕ ਸਵੀਗੀ ਡਿਲਵਿਰੀ ਬੁਆਏ ਦੀ ਕੁੱਤੇ ਦੇ ਹਮਲੇ ਵਿਚ ਜਾਨ ਚਲੀ ਗਈ। ਜਾਣਕਾਰੀ ਮੁਤਾਬਕ ਹੈਦਰਾਬਾਦ ਦੇ ਬੰਜਾਰਾ ਹਿਲਸ ਥਾਣਾ ਖੇਤਰ ਵਿਚ ਸਵੀਗੀ ਡਿਲਵਰੀ ਬੁਆਏ ਰਿਜਵਾਨ ‘ਤੇ ਪਾਲਤੂ ਕੁੱਤੇ ਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਰਿਜਵਾਨ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ। ਸਵੀਗੀ ਡਿਲਵਰੀ ਬੁਆਏ ਰਿਜਵਾਨ ਨੂੰ ਬੰਜਾਰਾ ਹਿਲਸ ਥਾਣਾ ਖੇਤਰ ਵਿਚ ਸਥਿਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਰਿਜਵਾਨ ਦੀ ਉਮਰ ਸਿਰਫ 23 ਸਾਲ ਹੀ ਸੀ। ਦੂਜੇ ਪਾਸੇ ਬੰਜਾਰਾ ਹਿਲਸ ਨੇ ਕੁੱਤੇ ਦੇ ਮਾਲਕਣ ਸ਼ੋਭਨਾ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ ਉਸ ਖਿਲਾਫ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਦੇਸ਼ ਭਰ ਵਿਚ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਕੇਸ ਸਾਹਮਣੇ ਆਏ ਹਨ ਜਦੋਂ ਕੁੱਤਿਆਂ ਨੇ ਲੋਕਾਂ ‘ਤੇ ਹਮਲਾ ਕੀਤਾ ਹੈ। ਪੁਲਿਸ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਰਿਜਵਾਨ ਖਾਣਾ ਪਹੁੰਚਾਉਣ ਲਈ ਤੀਜੀ ਮੰਜ਼ਿਲ ‘ਤੇ ਪਹੁੰਚਿਆ ਤਾਂ ਜਦੋਂ ਉਸ ਨੇ ਗਾਹਕ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਜਰਮਨ ਸ਼ੈਫਰਡ ਕੁੱਤੇ ਨੇ ਰਿਜਵਾਨ ‘ਤੇ ਹਮਲਾ ਕਰ ਦਿੱਤਾ। ਕੁੱਤੇ ਤੋਂ ਬਚਣ ਲਈ ਰਿਜਵਾਨ ਨੇ ਤੀਜੀ ਮੰਜ਼ਿਲ ਤੋਂ ਛਲਾਂਗ ਲਗਾ ਦਿੱਤੀ ਜਿਸ ਵਿਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਤੇ ਇਲਾਜ ਦੌਰਾਨ ਰਿਜਵਾਨ ਦੀ ਮੌਤ ਹੋ ਗਈ।