ਮੁਜ਼ੱਫਰਪੁਰ ‘ਚ ਘਰ ਨੂੰ ਅਚਾਨਕ ਲੱਗੀ ਅੱਗ, 4 ਬੱਚਿਆਂ ਦੀ ਮੌਤ ਅਤੇ 6 ਲੋਕਾਂ ਦੇ ਬੁਰੀ ਤਰ੍ਹਾਂ ਝੁਲਸੇ

ਮੁਜ਼ੱਫਰਪੁਰ, 02 ਮਈ : ਬਿਹਾਰ ਦੇ ਮੁਜ਼ੱਫਰਪੁਰ ‘ਚ ਸੋਮਵਾਰ ਦੀ ਬੀਤੀ ਰਾਤ ਅਚਾਨਕ ਇੱਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਇੱਕੋ ਪਰਿਵਾਰ ਦੇ 4 ਬੱਚਿਆਂ ਦੀ ਮੌਤ ਅਤੇ 6 ਲੋਕਾਂ ਦੇ ਬੁਰੀ ਤਰ੍ਹਾਂ ਝੁਲਸ ਜਾਣ ਦੀ ਦੁੱਖਦਾਈ ਖ਼ਬਰ ਹੈ ਅਤੇ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾਂ ਸਦਰ ਥਾਣਾ ਖੇਤਰ ਦੀ ਸੁਸਤਾ ਪੰਚਾਇਤ ਇਲਾਕੇ ਦੀ ਹੈ। ਨਰੇਸ਼ ਰਾਮ ਅਤੇ ਉਸਦਾ ਪਰਿਵਾਰ ਖਾਣਾ ਖਾਣ ਤੋਂ ਬਾਅਦ ਸੌ ਗਿਆ, ਕਿ ਅਚਾਨਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਹਫੜਾ-ਦਫੜੀ ਮੱਚ ਗਈ, ਬਚਾਅ ਲਈ ਪਰਿਵਾਰਿਕ ਮੈਂਬਰ ਇੱਧਰ ਉੱਧਰ ਭੱਜਣ ਲੱਗੇ ਅਤੇ ਬੱਚੇ ਅੱਗ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਨੇੜਲੇ ਲੋਕਾਂ ਨੇ ਅੱਗ ਦੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਇਸ ਘਟਨਾਂ ਦੀ ਸੂਚਨਾ ਮਿਲਦੇ ਐਸਡੀਐਮ, ਡੀਐਸਪੀ ਟਾਊਨ ਅਤੇ ਵੱਡੀ ਗਿਣਤੀ ‘ਚ ਪੁਲਿਸ ਮੁਲਾਜਮ ਪੁੱਜੇ ਅਤੇ ਉਨ੍ਹਾਂ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਮੰਗਵਾਈਆਂ, ਜਿੰਨ੍ਹਾਂ ਨੇ ਅੱਗ ਦੇ ਕਾਬੂ ਪਾਇਆ।ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਮ੍ਰਿਤਕਾਂ ਦੀ ਪਹਿਚਾਣ ਸੋਨੀ ਕੁਮਾਰ (17), ਅੰਮ੍ਰਿਤਾ ਕੁਮਾਰੀ (12), ਕਵਿਤਾ ਕੁਮਾਰੀ (8), ਸ਼ਿਵਾਨੀ ਕੁਮਾਰੀ (6) ਵਜੋਂ ਹੋਈ ਹੈ। ਜਦੋਂ ਕਿ ਬੇਬੀ ਦੇਵੀ (30), ਪ੍ਰਕਾਸ਼ ਕੁਮਾਰ (8 ਮਹੀਨੇ), ਆਕਸ਼ (4), ਵਿਕਾਸ ਕੁਮਾਰ (7), ਕਿਸ਼ਨ ਕੁਮਾਰ (10) ਅਤੇ ਮਨੀਸ਼ਾ ਕੁਮਾਰੀ (17) ਬੁਰੀ ਤਰ੍ਹਾਂ ਝੁਲਸ ਗਏ। ਘਰ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਕੁੱਝ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਪੀੜਤ ਪਰਿਵਾਰ ਦੇ ਮੈਂਬਰ ਮੁਕੇਸ਼ ਰਾਮ ਨੇ ਦੱਸਿਆ ਕਿ ਉਹ ਤਾਂ ਸੁੱਤੇ ਸਨ, ਜਦੋਂ ਉਨ੍ਹਾਂ ਨੂੰ ਅੱਗ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਬਹੁਤ ਕੋਸ਼ਿਸ਼ ਕੀਤੀ ਅੱਗ ਤੇ ਕਾਬੂ ਪਾਉਣ ਦੀ ਪਰ ਉਹ ਨਾਕਾਮ ਰਹੇ। ਇਸ ਸਬੰਧੀ ਮਾਮਲੇ 'ਚ ਐਸਡੀਐਮ ਪੂਰਬੀ ਗਿਆਨ ਪ੍ਰਕਾਸ਼ ਨੇ ਦੱਸਿਆ ਕਿ ਸਦਰ ਥਾਣਾ ਖੇਤਰ ਦੇ ਰਾਮਦਿਆਲੂ ਕਸਬੇ ਨੇੜੇ ਸੁਸਤਾ ਪੰਚਾਇਤ 'ਚ ਅੱਗ ਲਗ ਗਈ। ਇਸ ਵਿਚ 4 ਬੱਚਿਆਂ ਦੀ ਮੌਤ ਹੋ ਗਈ ਹੈ। ਜਦਕਿ 6 ਲੋਕ ਝੁਲਸ ਗਏ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਇਕ ਲੜਕੀ ਨੂੰ ਸਦਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।