ਗੁਜਰਾਤ ਵਿਚ ਆਇਆ ਤੂਫਾਨ ਅਤੇ ਬੇਮੌਸਮੀ ਮੀਂਹ, ਅਸਮਾਨੀ ਬਿਜਲੀ ਡਿੱਗਣ ਕਾਰਨ 17 ਲੋਕਾਂ ਦੀ ਮੌਤ

ਅਮਰੇਲੀ, 26 ਨਵੰਬਰ : ਗੁਜਰਾਤ ਵਿਚ ਤੂਫਾਨ ਅਤੇ ਬੇਮੌਸਮੀ ਮੀਂਹ ਤੋਂ ਬਾਅਦ ਕਈ ਇਲਾਕਿਆਂ ਵਿਚ ਅਸਮਾਨੀ ਬਿਜਲੀ ਡਿੱਗਣ ਕਾਰਨ 17 ਲੋਕਾਂ ਦੀ ਮੌਤ ਅਤੇ ਫਸਲਾਂ ਦਾ ਭਾਰੀ ਨੁਕਸਾਨ ਹੋਣ ਦੀ ਖਬਰ ਹੈ। ਅਧਿਕਾਰੀਆਂ ਨੇ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਵਲੋਂ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ, ਗੁਜਰਾਤ ਦੇ 251 ’ਚੋਂ 220 ਤਾਲੁਕਾਂ ’ਚ ਐਤਵਾਰ ਸਵੇਰੇ 6 ਵਜੇ ਤੋਂ 10 ਘੰਟਿਆਂ ’ਚ 50 ਮਿਲੀਮੀਟਰ ਤਕ ਮੀਂਹ ਪਿਆ, ਜਿਸ ਨਾਲ ਆਮ ਜੀਵਨ ’ਚ ਵਿਘਨ ਪਿਆ ਅਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ। ਅਹਿਮਦਾਬਾਦ ਸ਼ਹਿਰ ’ਚ ਸਵੇਰੇ ਦੋ ਘੰਟਿਆਂ ’ਚ 15 ਮਿਲੀਮੀਟਰ ਮੀਂਹ ਪਿਆ। ਸ਼ਾਮ ਨੂੰ ਸ਼ਹਿਰ ’ਚ ਤੇਜ਼ ਮੀਂਹ ਪਿਆ, ਜਿਸ ਕਾਰਨ ਸ਼ਨਿਚਰਵਾਰ ਨੂੰ ਲੋਕ ਘਰਾਂ ਦੇ ਅੰਦਰ ਹੀ ਰਹੇ। ਰਾਜਕੋਟ ’ਚ ਮੀਂਹ ਅਤੇ ਗੜੇਮਾਰੀ ਵੇਖਣ ਨੂੰ ਮਿਲੀ, ਜਿੱਥੇ ਸਥਾਨਕ ਲੋਕ ਬੇਮੌਸਮੀ ਬਰਸਾਤ ਦਾ ਆਨੰਦ ਲੈਂਦੇ ਵੇਖੇ ਗਏ। ਅਧਿਕਾਰੀਆਂ ਨੇ ਦਸਿਆ ਕਿ ਮੀਂਹ ਕਾਰਨ ਫਸਲਾਂ ਦੇ ਨੁਕਸਾਨ ਤੋਂ ਇਲਾਵਾ ਸੌਰਾਸ਼ਟਰ ਖੇਤਰ ਦੇ ਮੋਰਬੀ ਜ਼ਿਲ੍ਹੇ ’ਚ ਫੈਕਟਰੀਆਂ ਬੰਦ ਹੋਣ ਕਾਰਨ ਵਸਰਾਵਿਕ ਉਦਯੋਗ ਵੀ ਪ੍ਰਭਾਵਤ ਹੋਇਆ ਹੈ। ਅਧਿਕਾਰੀਆਂ ਨੇ ਦਸਿਆ ਕਿ ਤੇਜ਼ ਹਵਾਵਾਂ, ਬਿਜਲੀ ਅਤੇ ਤੂਫਾਨ ਅਤੇ ਬੇਮੌਸਮੀ ਮੀਂਹ ਕਾਰਨ ਮਹਿਸਾਣਾ, ਦਾਹੋਦ, ਸਾਬਰਕਾਂਠਾ, ਤਾਪੀ, ਬੋਟਾਦ, ਅਮਰੇਲੀ ਅਤੇ ਅਹਿਮਦਾਬਾਦ ਜ਼ਿਲ੍ਹਿਆਂ ’ਚ ਅੱਠ ਲੋਕਾਂ ਦੀ ਮੌਤ ਹੋ ਗਈ। ਅਹਿਮਦਾਬਾਦ ’ਚ ਆਈ.ਐਮ.ਡੀ. ਦੇ ਮੌਸਮ ਵਿਗਿਆਨ ਕੇਂਦਰ ਦੀ ਡਾਇਰੈਕਟਰ ਮਨੋਰਮਾ ਮੋਹੰਤੀ ਨੇ ਕਿਹਾ ਕਿ ਦਖਣੀ ਗੁਜਰਾਤ ਦੇ ਵਲਸਾਡ, ਨਵਸਾਰੀ, ਸੂਰਤ, ਡਾਂਗਾਂ ਅਤੇ ਤਾਪੀ ਜ਼ਿਲ੍ਹਿਆਂ ਦੇ ਨਾਲ-ਨਾਲ ਸੌਰਾਸ਼ਟਰ ਖੇਤਰ ਦੇ ਭਾਵਨਗਰ, ਬੋਟਾਡ ਅਤੇ ਅਮਰੇਲੀ ਜ਼ਿਲ੍ਹਿਆਂ ’ਚ ਦਿਨ ਵੇਲੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਿਰਫ ਐਤਵਾਰ ਨੂੰ ਬਾਰਿਸ਼ ਹੋਣ ਦੀ ਭਵਿੱਖਬਾਣੀ ਹੈ। ਇਹ ਕੱਲ੍ਹ ਤੱਕ ਘੱਟ ਜਾਵੇਗਾ ਅਤੇ ਦਖਣੀ ਗੁਜਰਾਤ ਅਤੇ ਸੌਰਾਸ਼ਟਰ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਕੇਂਦਰਿਤ ਰਹੇਗਾ।’’