ਛੋਟੇ ਸਾਹਿਬਜ਼ਾਦਿਆਂ ਨੂੰ ਬਾਲਵੀਰ ਦਿਵਸ ਦੀ ਬਜਾਏ 'ਸਾਹਿਬਜਾਦਾ ਸ਼ਹਾਦਤ ਦਿਵਸ' ਵਜੋਂ ਮਨਾਇਆ ਜਾਵੇ : ਹਰਸਿਮਰਤ ਬਾਦਲ

ਨਵੀਂ ਦਿੱਲੀ : ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੀ ਕਾਰਵਾਈ ਦੌਰਾਨ 26 ਦਸੰਬਰ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦਿਵਸ ਵਜੋਂ ਮਨਾਉਣ ਦੀ ਆਵਾਜ਼ ਨੂੰ ਬੁਲੰਦ ਕੀਤਾ। ਉਨ੍ਹਾਂ ਨੇ ਕਿਹਾ ਦੁਨੀਆਂ ਵਿਚ ਬਹਾਦਰੀ ਦੀਆਂ ਬਹੁਤ ਮਿਸਾਲਾਂ ਹੋਣਗੀਆਂ ਪਰ ਸ਼ਾਇਦ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਵਰਗੀ ਵੱਡੀ ਕੁਰਬਾਨੀ ਦੇਖਣ ਨੂੰ ਮਿਲੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਬਾਲ ਵੀਰ ਦਿਵਸ ਦੀ ਬਜਾਏ 'ਸਾਹਿਬਜਾਦਾ ਸ਼ਹਾਦਤ ਦਿਵਸ' ਵਜੋਂ ਮਨਾਇਆ ਜਾਵੇ। ਸੰਸਦ ਦੀ ਕਾਰਵਾਈ ਦੌਰਾਨ ਉਨ੍ਹਾਂ ਨੇ ਕਿਹਾ ਕਿ 26 ਦਸੰਬਰ ਨੂੰ ਕੇਂਦਰ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖਦਿਆਂ ਬੀਰ ਬਾਲ ਦਿਵਸ ਵਜੋਂ ਨਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਤਾਂ ਕਰਦੇ ਹਾਂ ਪਰ ਸਾਹਿਬਜ਼ਾਦਾ ਨੂੰ ਬਾਲ ਕਹਿਣਾ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਇੰਨੀ ਛੋਟੀ ਉਮਰ ਵਿਚ ਇੰਨੀ ਵੱਡੀ ਕੁਰਬਾਨੀ ਨੂੰ ਬਾਲ ਕਹਿ ਕੇ ਛੋਟਾ ਕੀਤਾ ਜਾ ਰਿਹਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਬਾਲ ਵੀਰ ਦਿਵਸ ਉਤੇ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਐੱਸਜੀਪੀਸ ਅਤੇ ਹੋਰ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਲਾਸਾਨੀ ਸ਼ਹਾਦਤ ਨੂੰ ਬੀਰ ਬਾਲ ਦਿਵਸ ਕਹਿਣਾ ਸਹੀ ਨਹੀਂ ਹੈ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੰਗ ਕੀਤੀ ਕਿ ਇਸ ਲਾਸਾਨੀ ਸ਼ਹਾਦਤ ਨੂੰ ਸਾਹਿਬਜ਼ਾਦਾ ਸ਼ਹਾਦਤ ਦਿਵਸ ਵਜੋਂ ਜਾਣਿਆ ਜਾਵੇ।