ਹੈਦਰਾਬਾਦ ਵਿੱਚ ਕਾਰ ਦੀ ਮੁਰੰਮਤ ਦੌਰਾਨ ਛੇ ਵਿਅਕਤੀਆਂ ਦੀ ਦਰਦਨਾਕ ਮੌਤ, ਤਿੰਨ ਗੰਭੀਰ ਜ਼ਖ਼ਮੀ

ਹੈਦਰਾਬਾਦ, 13 ਨਵੰਬਰ : ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਇਹ ਹਾਦਸਾ ਕਾਰ ਰਿਪੇਅਰਿੰਗ ਦੌਰਾਨ ਵਾਪਰਿਆ। ਇੱਕ ਗੋਦਾਮ ਵਿੱਚ ਕਾਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ, ਜਦੋਂ ਨੇੜੇ ਰੱਖੇ ਕੈਮੀਕਲ ਨੂੰ ਅੱਗ ਲੱਗ ਗਈ ਅਤੇ ਇਹ ਹਾਦਸਾ ਵਾਪਰ ਗਿਆ। ਕੁਝ ਹੀ ਸਮੇਂ ਵਿੱਚ ਅੱਗ ਨੇ ਆਸਪਾਸ ਦੇ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਕਈ ਲੋਕ ਇਸ ਦੀ ਲਪੇਟ ਵਿੱਚ ਆ ਗਏ। ਖ਼ਬਰਾਂ ਮੁਤਾਬਕ 6 ਮੌਤਾਂ ਤੋਂ ਇਲਾਵਾ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਹੈਦਰਾਬਾਦ ਸੈਂਟਰਲ ਜ਼ੋਨ ਦੇ ਡੀਸੀਪੀ ਵੈਂਕਟੇਸ਼ਵਰ ਰਾਓ ਨੇ ਦੱਸਿਆ ਕਿ ਇਹ ਹਾਦਸਾ ਹੈਦਰਾਬਾਦ ਦੇ ਨਾਮਪੱਲੀ ਦੇ ਬਾਜ਼ਾਰਘਾਟ ਵਿੱਚ ਵਾਪਰਿਆ, ਜਿੱਥੇ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਸਥਿਤ ਇੱਕ ਗੋਦਾਮ ਵਿੱਚ ਅੱਗ ਲੱਗ ਗਈ। ਇਸ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਕਾਫੀ ਮਿਹਨਤ ਕਰਨੀ ਪਈ। ਇਸ ਤੋਂ ਇਲਾਵਾ ਅੱਗ ਬੁਝਾਊ ਅਮਲਾ ਨੇੜੇ ਦੀ ਇਮਾਰਤ 'ਚ ਫਸੇ ਲੋਕਾਂ ਨੂੰ ਬਚਾਉਣ ਦਾ ਕੰਮ ਕਰ ਰਿਹਾ ਹੈ।

ਤੇਲੰਗਾਨਾ ਦੇ ਰਾਜਪਾਲ ਸੁੰਦਰਰਾਜਨ ਅਤੇ ਮੁੱਖ ਮੰਤਰੀ ਰਾਓ ਨੇ ਕੀਤਾ ਦੁੱਖ ਪ੍ਰਗਟ 
ਅਧਿਕਾਰੀਆਂ ਨੇ ਦਸਿਆ ਕਿ ਇਮਾਰਤ ’ਚੋਂ ਹੁਣ ਤਕ 21 ਲੋਕਾਂ ਨੂੰ ਬਾਹਰ ਕਢਿਆ ਗਿਆ ਹੈ। ਉਨ੍ਹਾਂ ਦਸਿਆ ਕਿ ਧੂੰਏਂ ਕਾਰਨ ਬੇਹੋਸ਼ ਹੋਏ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਨੌਂ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿਤਾ। ਉਨ੍ਹਾਂ ਦਸਿਆ ਕਿ ਮ੍ਰਿਤਕਾਂ ਦੀ ਉਮਰ 6 ਤੋਂ 66 ਸਾਲ ਦਰਮਿਆਨ ਸੀ। ਟੀ.ਵੀ. ਫੁਟੇਜ ’ਚ ਅੱਗ ਬੁਝਾਊ ਅਮਲੇ ਨੇ ਬੱਚਿਆਂ ਸਮੇਤ ਲੋਕਾਂ ਨੂੰ ਇਮਾਰਤ ਦੀਆਂ ਖਿੜਕੀਆਂ ’ਚੋਂ ਬਾਹਰ ਕਢਦੇ ਹੋਏ ਵਿਖਾਇਆ। ਅਧਿਕਾਰੀਆਂ ਨੇ ਦਸਿਆ ਕਿ ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ। ਰਾਜਪਾਲ ਨੇ ਅੱਗ ਦੇ ਹਾਲਾਤ, ਪ੍ਰਤੀਕਿਰਿਆ ਵਿਧੀ ਅਤੇ ਸੁਧਾਰਾਤਮਕ ਉਪਾਵਾਂ ਬਾਰੇ ਇਕ ਵਿਆਪਕ ਰੀਪੋਰਟ ਪੇਸ਼ ਕਰਨ ਦੇ ਹੁਕਮ ਦਿਤੇ ਹਨ ਜੋ ਅਗਲੇ ਦੋ ਦਿਨਾਂ ਵਿਚ ਲਾਗੂ ਕੀਤੇ ਜਾ ਸਕਦੇ ਹਨ। ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 5-5 ਲੱਖ ਰੁਪਏ ਦੀ ਮੁਆਵਜ਼ਾ ਰਕਮ ਦੇਣ ਦਾ ਐਲਾਨ ਕੀਤਾ ਹੈ। ਕੇਂਦਰੀ ਮੰਤਰੀ ਜੀ. ਕਿਸ਼ਨ ਰੈਡੀ ਅਤੇ ਤੇਲੰਗਾਨਾ ਦੇ ਮੰਤਰੀ ਕੇਟੀ ਰਾਮਾ ਰਾਓ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ।