ਸ਼ਿਵਰਾਤਰੀ 'ਤੇ ਮੰਦਰ ਜਾ ਰਹੇ ਸ਼ਰਧਾਲੂਆਂ ਦੀ ਗੱਡੀ ਨਦੀ 'ਚ ਡਿੱਗੀ, 3 ਦੀ ਮੌਤ, 12 ਜ਼ਖ਼ਮੀ

ਲਖਨਊ, 17 ਫ਼ਰਵਰੀ : ਮਹਾਸ਼ਿਵਰਾਤਰੀ 'ਤੇ ਬਿਹਾਰ ਦੇ ਰੋਹਤਾਸ 'ਚ ਗੁਪਤਾਧਾਮ ਜਾ ਰਹੇ ਸ਼ਰਧਾਲੂਆਂ ਦੀ ਪਿਕਅੱਪ ਨਦੀ 'ਚ ਡਿੱਗ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ ਹੈ। 12 ਤੋਂ ਵੱਧ ਜ਼ਖਮੀ ਹਨ, 8 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿਕਅੱਪ 'ਚ 24 ਸ਼ਰਧਾਲੂ ਸਵਾਰ ਸਨ। ਕਈ ਅਜੇ ਵੀ ਲਾਪਤਾ ਹਨ। ਜਿਨ੍ਹਾਂ ਦੀ ਭਾਲ ਜਾਰੀ ਹੈ। ਹਾਦਸਾ ਅੱਜ ਸ਼ੁੱਕਰਵਾਰ ਸਵੇਰੇ 6 ਵਜੇ ਵਾਪਰਿਆ। ਸਾਰੇ ਸ਼ਰਧਾਲੂ ਗੁਪਤਾਧਾਮ ਵਿਖੇ ਜਾ ਰਹੇ ਸਨ।ਦੱਸਿਆ ਜਾ ਰਿਹਾ ਹੈ ਕਿ ਗਊਘਾਟ ਪਹਾੜੀ ਨੇੜੇ ਪਿਕਅੱਪ ਬੇਕਾਬੂ ਹੋ ਕੇ 20 ਫੁੱਟ ਹੇਠਾਂ ਦੁਰਗਾਵਤੀ ਨਦੀ 'ਚ ਜਾ ਡਿੱਗੀ। ਸਾਰੇ ਕਰਕਟ ਥਾਣਾ ਖੇਤਰ ਤੋਂ ਪਿਕਅੱਪ 'ਚ ਸਵਾਰ ਹੋ ਕੇ ਗੁਪਤਾਧਾਮ ਜਾ ਰਹੇ ਸਨ ਤਾਂ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਦੀ ਸੂਚਨਾ 'ਤੇ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ, ਜਿੱਥੋਂ ਕੁਝ ਗੰਭੀਰ ਜ਼ਖਮੀਆਂ ਨੂੰ ਸਦਰ ਹਸਪਤਾਲ ਸਾਸਾਰਾਮ ਰੈਫਰ ਕਰ ਦਿੱਤਾ ਗਿਆ ਹੈ।