ਅੰਦੋਲਨ ਤੋਂ ਨਾਂ ਵਾਪਸ ਲਏ ਜਾਣ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ, ਇਹ ਖਬਰ ਬਿਲਕੁਲ ਗ਼ਲਤ ਹੈ : ਸਾਕਸ਼ੀ ਮਲਿਕ 

  • ਪਹਿਲਵਾਨਾਂ 'ਚੋਂ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਵਾਪਸ ਰੇਲਵੇ ਦੀ ਨੌਕਰੀ 'ਤੇ ਪਰਤ ਆਏ ਦੀ ਆਈ ਸੀ ਖਬਰ

ਨਵੀਂ ਦਿੱਲੀ, 05 ਜੂਨ : ਜਿਨਸੀ ਸ਼ੋਸ਼ਣ ਮਾਮਲੇ 'ਚ ਭਾਜਪਾ ਸੰਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ 'ਚੋਂ ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਵਾਪਸ ਰੇਲਵੇ ਦੀ ਨੌਕਰੀ 'ਤੇ ਪਰਤ ਆਏ ਹਨ। ਹਾਲਾਂਕਿ ਸਾਕਸ਼ੀ ਮਲਿਕ ਨੇ ਅੰਦੋਲਨ ਤੋਂ ਨਾਂ ਵਾਪਸ ਲਏ ਜਾਣ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ ਹੈ ਤੇ ਕਿਹਾ ਕਿ ਇਹ ਖਬਰ ਬਿਲਕੁਲ ਗ਼ਲਤ ਹੈ। ਇਨਸਾਫ਼ ਦੀ ਲੜਾਈ 'ਚ ਨਾ ਸਾਡੇ ਵਿਚੋਂ ਕੋਈ ਪਿੱਛੇ ਹਟਿਆ ਹੈ ਤੇ ਨਾ ਹੀ ਹਟੇਗਾ। ਉਸ ਨੇ ਕਿਹਾ ਕਿ ਇਨਸਾਫ਼ ਮਿਲਣ ਤਕ ਸਾਡੀ ਲੜਾਈ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੂਨੀਆ ਦੀ ਅਗਵਾਈ 'ਚ ਤਮਾਮ ਪਹਿਲਵਾਨਾਂ ਨੇ ਕੁਸ਼ਤੀ ਸੰਘ ਦੇ ਪ੍ਰਧਾਨ ਤੇ ਬੀਜੇਪੀ ਐੱਮਪੀ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਇਹ ਪਹਿਲਵਾਨ 23 ਅਪ੍ਰੈਲ ਤੋਂ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਹਨ। 21 ਅਪ੍ਰੈਲ ਨੂੰ ਸੱਤ ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਦਿੱਲੀ ਦੇ ਕਨਾਟ ਪਲੇਸ ਥਾਣੇ 'ਚ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਿਸ ਨੇ 28 ਅਪ੍ਰੈਲ ਨੂੰ ਬ੍ਰਿਜ ਭੂਸ਼ਣ ਖਿਲਾਫ ਦੋ ਮਾਮਲੇ ਦਰਜ ਕੀਤੇ ਸਨ। ਇਨ੍ਹਾਂ ਵਿਚ ਪੋਕਸੋ ਐਕਟ ਤਹਿਤ ਦਰਜ ਕੇਸ ਵੀ ਸ਼ਾਮਲ ਹੈ, ਜੋ ਨਾਬਾਲਗ ਵੱਲੋਂ ਲਾਏ ਦੋਸ਼ਾਂ ’ਤੇ ਦਰਜ ਕੀਤਾ ਗਿਆ ਸੀ। ਜਦਕਿ ਦੂਜਾ ਮਾਮਲਾ ਹੋਰਨਾਂ ਪਹਿਲਵਾਨਾਂ ਵੱਲੋਂ ਲਾਏ ਗਏ ਦੋਸ਼ਾਂ ਨਾਲ ਸਬੰਧਤ ਹੈ। ਦਿੱਲੀ ਪੁਲਿਸ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਕਰ ਰਹੀ ਹੈ ਪਰ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਐਸਆਈਟੀ ਨੂੰ ਬ੍ਰਿਜ ਭੂਸ਼ਣ 'ਤੇ ਲਗਾਏ ਗਏ ਦੋਸ਼ਾਂ ਨੂੰ ਠੋਸ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਮਿਲਿਆ ਹੈ।