ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਨੇ ਮਚਾਈ ਤਬਾਹੀ, 24 ਲੋਕਾਂ ਦੀ ਮੌਤ, 43 ਲੋਕ ਜਖ਼ਮੀ, 2 ਲਾਪਤਾ 

ਸਿਮਲਾ, 02 ਜੁਲਾਈ : ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੇ ਸ਼ੁਰੂਆਤੀ ਮੀਂਹ ਨੇ ਸੂਬੇ ਦੇ ਕਈ ਥਾਵਾਂ ਤੇ ਬੁਰੀ ਤਰ੍ਹਾਂ ਤਬਾਹੀ ਮਚਾ ਦਿੱਤੀ ਹੈ। ਹਿਮਾਚਲ ‘ਚ 24 ਜੂਨ ਤੋਂ 7 ਦਿਨਾਂ ਵਿੱਚ 24 ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਹੈ ਅਤੇ 43 ਲੋਕ ਜਖ਼ਮੀ ਹੋਏ ਹਨ, 2 ਹਾਲੇ ਵੀ ਲਾਪਤਾ ਹਨ, ਜਿੰਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਭਾਰੀ ਬਰਸ਼ਾਤ ਕਾਰਨ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।  ਰਾਜ ਸਰਕਾਰ ਨੂੰ ਇਕ ਹਫ਼ਤੇ ਵਿਚ 242 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸਟੇਟ ਡਿਜ਼ਾਸਟਰ ਅਥਾਰਟੀ ਮੁਤਾਬਕ ਇਨ੍ਹਾਂ 7 ਦਿਨਾਂ 'ਚ ਸੂਬੇ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਅਚਾਨਕ ਹੜ੍ਹਾਂ ਦੇ ਨਾਲ-ਨਾਲ ਬੱਦਲ ਫਟਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਮੌਸਮ ਵਿਭਾਗ ਅਨੁਸਾਰ 4 ਜੁਲਾਈ ਤੱਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ ਪਰ, ਇਹ ਰਾਹਤ ਦੀ ਗੱਲ ਹੈ ਕਿ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਸੂਬੇ ਵਿਚ 6 ਪੱਕੇ ਘਰ ਤਬਾਹ ਹੋ ਗਏ ਹਨ ਜਦਕਿ 5 ਪੱਕੇ ਅਤੇ 35 ਕੱਚੇ ਮਕਾਨਾਂ ਨੂੰ ਅੰਸ਼ਿਕ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ 2 ਦੁਕਾਨਾਂ ਅਤੇ 21 ਗਊ ਸ਼ੈਲਟਰਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਾਰੇ ਵਿਭਾਗਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿਤੇ ਹਨ। ਮੁੱਖ ਮੰਤਰੀ ਨੇ ਲੋਕ ਨਿਰਮਾਣ ਵਿਭਾਗ ਸਮੇਤ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਨੁਕਸਾਨੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਸਮੇਂ ਸਿਰ ਸ਼ੁਰੂ ਕਰਨ ਲਈ ਸਖ਼ਤ ਹਦਾਇਤਾਂ ਦਿਤੀਆਂ ਹਨ ਤਾਂ ਜੋ ਕਿਸਾਨਾਂ ਅਤੇ ਬਾਗਬਾਨਾਂ ਦੀ ਫ਼ਸਲ ਨੂੰ ਮੰਡੀਆਂ ਵਿੱਚ ਲਿਜਾਇਆ ਜਾ ਸਕੇ।