ਅਡਾਨੀ ਮਾਮਲੇ ’ਤੇ ਸੰਸਦ ਕੰਪਲੈਕਸ ’ਚ ਧਰਨੇ ’ਤੇ ਬੈਠੇ ਰਾਹੁਲ-ਸੋਨੀਆ

ਨਵੀਂ ਦਿੱਲੀ, ਏਜੰਸੀ : ਸੰਸਦ ਦੇ ਬਜਟ ਸੈਸ਼ਨ ਦਾ ਦੂਸਰਾ ਪੜਾਅ ਵੀ ਪਹਿਲੇ ਵਾਂਗ ਹੈ। ਇਕ ਪਾਸੇ ਸੱਤਾਧਾਰੀ ਪਾਰਟੀ ਰਾਹੁਲ ਗਾਂਧੀ ਵੱਲੋਂ ਲੰਡਨ ’ਚ ਦਿੱਤੇ ਆਪਣੇ ਬਿਆਨ ਲਈ ਮਾਫ਼ੀ ਮੰਗਣ ਦੀ ਮੰਗ ’ਤੇ ਅੜੀ ਹੋਈ ਹੈ ਤਾਂ ਦੂਜੇ ਪਾਸੇ ਵਿਰੋਧੀ ਧਿਰ ਨੇ ਅਡਾਨੀ ਮਾਮਲੇ ਵਿਚ ਜੇਪੀਸੀ ਦੀ ਮੰਗ ਨੂੰ ਲੈ ਕੇ ਸੰਸਦ ਵਿਚ ਵੀ ਕਾਫੀ ਹੰਗਾਮਾ ਕੀਤਾ ਹੈ। ਸੰਸਦ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਗਾਂਧੀ ਦੇ ਬੁੱਤ ਨੇੜੇ ਪ੍ਰਦਰਸ਼ਨ ਕਰ ਰਹੇ ਹਨ। ਇਸ ਧਰਨੇ ਵਿਚ ਸੋਨੀਆ, ਰਾਹੁਲ ਗਾਂਧੀ ਸਮੇਤ ਕਈ ਸੀਨੀਅਰ ਆਗੂ ਸ਼ਾਮਿਲ ਹਨ। ਦਰਅਸਲ ਅਡਾਨੀ ਮਾਮਲੇ ’ਚ ਜੇਪੀਸੀ ਦੀ ਮੰਗ ਨੂੰ ਲੈ ਕੇ ਕਾਂਗਰਸ ਸਮੇਤ 16 ਵਿਰੋਧੀ ਪਾਰਟੀਆਂ ਪ੍ਰਦਰਸ਼ਨ ਕਰ ਰਹੀਆਂ ਹਨ। ਰਾਹੁਲ ਗਾਂਧੀ ਜਿਵੇਂ ਹੀ ਲੋਕ ਸਭਾ ਪਹੁੰਚੇ ਤਾਂ ਉਨ੍ਹਾਂ ਨੂੰ ਕਈ ਪੱਤਰਕਾਰਾਂ ਨੇ ਜੇਪੀ ਨੱਡਾ ਦੇ ਸਵਾਲਾਂ ਦੇ ਜਵਾਬ ਮੰਗੇ। ਪੱਤਰਕਾਰਾਂ ਨੇ ਰਾਹੁਲ ਨੂੰ ਪੁੱਛਿਆ, ‘ਰਾਹੁਲ ਜੀ, ਕੀ ਤੁਸੀਂ ਐਂਟੀ ਨੈਸ਼ਨਲ ਹੋ? ਜੇਪੀ ਨੱਡਾ ਨੇ ਤੁਹਾਡੇ ਬਾਰੇ ਇਹ ਸਾਰੀਆਂ ਗੱਲਾਂ ਕਹੀਆਂ ਹਨ। ਹਾਲਾਂਕਿ ਰਾਹੁਲ ਨੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਰਾਹੁਲ ਦੀ ਮਾਫ਼ੀ ਦੀ ਮੰਗ ਤੋਂ ਬਾਅਦ ਸੰਸਦ ’ਚ ਹੋਏ ਹੰਗਾਮੇ ਤੋਂ ਬਾਅਦ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅੱਜ ਵੀ ਮੁਲਤਵੀ ਕਰਨੀ ਪਈ। ਦੋਵਾਂ ਸਦਨਾਂ ਦੀ ਕਾਰਵਾਈ ਸੋਮਵਾਰ ਸਵੇਰੇ 11 ਵਜੇ ਤਕ ਮੁਲਤਵੀ ਕਰ ਦਿੱਤੀ ਗਈ ਹੈ।