ਰਾਹੁਲ ਗਾਂਧੀ ਨੂੰ ਮੋਦੀ ਸਰਨੇਮ ਨੂੰ ਲੈ ਕੇ ਕੀਤੀ ਗਈ ਵਿਵਾਦਤ ਟਿੱਪਣੀ ਮਾਮਲੇ 'ਚ ਹੋਈ ਦੋ ਸਾਲ ਦੀ ਕੈਦ 

ਸੂਰਤ (ਗੁਜਰਾਤ), 23 ਮਾਰਚ : ਮੋਦੀ ਸਰਨੇਮ ਨੂੰ ਲੈ ਕੇ ਕੀਤੀ ਗਈ ਵਿਵਾਦਤ ਟਿੱਪਣੀ ਮਾਮਲੇ 'ਚ ਸੂਰਤ ਦੀ ਅਦਾਲਤ ਨੇ ਵੀਰਵਾਰ ਨੂੰ ਸੁਣਵਾਈ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਆਈਪੀਸੀ ਦੀ ਧਾਰਾ 504 ਤਹਿਤ  ਦੋਸ਼ੀ ਠਹਿਰਾਉਂਦਿਆਂ ਦੋ ਸਾਲ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਇਸ ਮਾਮਲੇ 'ਚ ਉਨ੍ਹਾਂ ਨੂੰ ਜ਼ਮਾਨਤ ਵੀ ਮਿਲ ਚੁੱਕੀ ਹੈ। ਇਹ ਮਾਮਲਾ 2019 ਦਾ ਹੈ ਜਦੋਂ ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਆਮ ਚੋਣਾਂ ਤੋਂ ਪਹਿਲਾਂ ਕਰਨਾਟਕ ਦੇ ਕੋਲਾਰ ਵਿੱਚ ਆਯੋਜਿਤ ਇੱਕ ਜਨਤਕ ਮੀਟਿੰਗ ਵਿੱਚ ਪੀਐਮ ਮੋਦੀ ਦੇ ਉਪਨਾਮ 'ਤੇ ਟਿੱਪਣੀ ਕੀਤੀ ਸੀ। ਜਿਸ ਤੋਂ ਬਾਅਦ ਰਾਹੁਲ ਗਾਂਧੀ ਦੇ ਖਿਲਾਫ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਰਾਹੁਲ ਨੇ ਕਥਿਤ ਤੌਰ 'ਤੇ ਕਿਹਾ ਸੀ, 'ਸਾਰੇ ਚੋਰਾਂ ਦਾ ਸਰਨੇਮ ਮੋਦੀ ਹੀ ਕਿਉਂ ਹੈ?' ਰਾਹੁਲ ਦੀ ਇਸ ਟਿੱਪਣੀ ਵਿਰੁੱਧ ਭਾਜਪਾ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਵਕੀਲ ਮੁਤਾਬਕ ਜੱਜ ਨੇ ਰਾਹੁਲ ਨੂੰ ਪੁੱਛਿਆ ਕਿ ਕੀ ਉਹ ਕੁਝ ਕਹਿਣਾ ਚਾਹੁੰਦੇ ਹਨ। ਇਸ 'ਤੇ ਰਾਹੁਲ ਨੇ ਕਿਹਾ ਕਿ ਉਹ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਉਠਾਉਂਦੇ ਰਹਿੰਦੇ ਹਨ, ਉਨ੍ਹਾਂ ਨੇ ਜਾਣਬੁੱਝ ਕੇ ਕੁਝ ਨਹੀਂ ਕਿਹਾ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਰਾਹੁਲ ਦੇ ਸ਼ਬਦਾਂ ਨਾਲ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ। ਇਸ ਦੇ ਨਾਲ ਹੀ ਇਸਤਗਾਸਾ ਪੱਖ ਦੇ ਵਕੀਲ ਨੇ ਕਿਹਾ ਕਿ ਰਾਹੁਲ ਗਾਂਧੀ ਸੰਸਦ ਮੈਂਬਰ ਹਨ। ਜੇਕਰ ਕਾਨੂੰਨ ਬਣਾਉਣ ਵਾਲੇ ਹੀ ਕਾਨੂੰਨ ਤੋੜਨਗੇ ਤਾਂ ਸਮਾਜ ਨੂੰ ਕੀ ਸੁਨੇਹਾ ਜਾਵੇਗਾ? ਇਸ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ।