ਰਾਹੁਲ ਗਾਂਧੀ ਨੇ ਮੈਸੂਰ ਤੋਂ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ 26ਵੇਂ ਦਿਨ ਦੀ ਕੀਤੀ ਸ਼ੁਰੂਆਤ

ਮੈਸੂਰ, ਏਜੰਸੀ : ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਹੁਣ ਕਰਨਾਟਕ ਦੇ ਵੱਖ-ਵੱਖ ਸ਼ਹਿਰਾਂ ’ਚੋਂ ਲੰਘ ਰਹੀ ਹੈ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੈਸੂਰ ਤੋਂ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ 26ਵੇਂ ਦਿਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਅਤੇ ਕਰਨਾਟਕ ਕਾਂਗਰਸ ਪ੍ਰਧਾਨ ਡੀਕੇ ਸ਼ਿਵ ਕੁਮਾਰ ਵੀ ਮੌਜੂਦ ਸਨ।

ਸੁਤੂਰ ਮੱਠ ਪਹੁੰਚੇ ਰਾਹੁਲ ਗਾਂਧੀ
ਉੱਥੇ ਹੀ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਮੈਸੂਰ ਦੇ ਸ਼ੁਤੂਰ ਮੱਠ ਦਾ ਦੌਰਾ ਕੀਤਾ। ਇਸ ਦੌਰਾਨ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਗੁਰੂ ਸ਼ਿਵਰਾਤਰੀ ਦੇਸ਼ਿਕੇਂਦਰ ਸਵਾਮੀ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਨੇ ਮਸਜਿਦ-ਏ-ਆਜ਼ਮ ਅਤੇ ਸੇਂਟ ਫਿਲੋਮੇਨਾ ਚਰਚ ਦਾ ਵੀ ਦੌਰਾ ਕੀਤਾ।

ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
ਰਾਹੁਲ ਗਾਂਧੀ ਨੇ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦੇ 25ਵੇਂ ਦਿਨ ਗਾਂਧੀ ਜਯੰਤੀ ਮੌਕੇ ਕਰਨਾਟਕ ਦੇ ਬਦਨਵਾਲੂ ਖਾਦੀ ਗ੍ਰਾਮ ਉਦਯੋਗ ਕੇਂਦਰ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਬਦਨਾਵਾਲੂ ਤੋਂ ਮੈਸੂਰ ਤੱਕ 10 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕੀਤਾ।

ਮੈਸੂਰ ’ਚ ਕੀਤਾ ਜਨਤਾ ਨੂੰ ਸੰਬੋਧਨ
ਇਸ ਦੌਰਾਨ ਰਾਹੁਲ ਗਾਂਧੀ ਨੇ ਯਾਤਰਾ ਦੇ 25ਵੇਂ ਦਿਨ ਮੈਸੂਰ ’ਚ ਇਕ ਰੈਲੀ ਨੂੰ ਵੀ ਸੰਬੋਧਨ ਕੀਤਾ। ਹਾਲਾਂਕਿ ਉਨ੍ਹਾਂ ਦੇ ਸੰਬੋਧਨ ਦੌਰਾਨ ਹੀ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਪਰ ਇਸ ਦੌਰਾਨ ਰਾਹੁਲ ਗਾਂਧੀ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਰਾਹੀਂ ਦੇਸ਼ ਨੂੰ ਇਕਜੁਟ ਕਰਨ ਲਈ ਸਾਨੂੰ ਕੋਈ ਨਹੀਂ ਰੋਕ ਸਕਦਾ।

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਰਾਹੁਲ ਗਾਂਧੀ ਦੀ ਵੀਡੀਓ
ਉੱਥੇ ਹੀ ਰਾਹੁਲ ਗਾਂਧੀ ਦੀ ਮੀਂਹ ’ਚ ਭਿੱਜਦਿਆਂ ਹੋਇਆਂ ਲੋਕਾਂ ਨੂੰ ਸੰਬੋਧਨ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਰਾਹੁਲ ਗਾਂਧੀ ਦੀ ਇਸ ਵੀਡੀਓ ’ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ ਅਤੇ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ।