ਸਜ਼ਾ ਸਮੀਖਿਆ ਬੋਰਡ ਪ੍ਰੋ. ਦਵਿੰਦਰ ਪਾਲ ਭੁੱਲਰ ਦੀ ਛੇਤੀ ਰਿਹਾਈ ਬਾਰੇ ਕਰੇਗਾ ਵਿਚਾਰ

ਨਵੀਂ ਦਿੱਲੀ, 4 ਜੂਨ : ਦਿੱਲੀ ਦੇ ਗ੍ਰਹਿ ਮੰਤਰੀ ਕੈਲਾਸ਼ ਗਹਿਲੋਤ ਦੀ ਅਗਵਾਈ ਵਾਲੇ ਸਜ਼ਾ ਸਮੀਖਿਆ ਬੋਰਡ ਦੀ ਮੀਟਿੰਗ 16 ਜੂਨ ਨੂੰ ਹੋ ਰਹੀ ਹੈ ਜਿਸ ਵਿਚ 1993 ਦੇ ਦਿੱਲੀ ਬੰਬ ਧਮਾਕਿਆਂ ਦੇ ਦੋਸ਼ੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ’ਤੇ ਚਰਚਾ ਹੋ ਸਕਦੀ ਹੈ। ਭੁੱਲਰ ਇਸ ਵੇਲੇ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਹਨ ਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਬੋਰਡ ਵਿਚ ਤਿਹਾੜ ਜੇਲ੍ਹ ਦੇ ਡਾਇਰੈਕਟਰ, ਗ੍ਰਹਿ ਤੇ ਕਾਨੂੰਨ ਵਿਭਾਗਾਂ ਦੇ ਸਕੱਤਰ ਅਤੇ ਡਾਇਰੈਕਟਰ ਸਮਾਜ ਭਲਾਈ ਵਿਭਾਗ ਮੈਂਬਰ ਹੁੰਦੇ ਹਨ। ਦਿੱਲੀ ਜੇਲ੍ਹ ਨਿਯਮ 2018 ਦੇ ਮੁਤਾਬਕ ਸਜ਼ਾ ਸਮੀਖਿਆ ਬੋਰਡ ਦੀ ਹਰ ਛੇ ਮਹੀਨੇ ਬਾਅਦ ਮੀਟਿੰਗ ਹੁੰਦੀ ਹੈ ਜਿਸ ਵਿਚ ਤਾਜ਼ਾ ਤੇ ਪਹਿਲਾਂ ਰੱਦ ਕੀਤੇ ਮਾਮਲੇ ਵਿਚਾਰੇ ਜਾਂਦੇ ਸਨ ਜਿਹਨਾਂ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੀ ਸਜ਼ਾ ਦੀ ਛੇਤੀ ਰਿਹਾਈ ’ਤੇ ਵਿਚਾਰ ਕੀਤਾ ਜਾਂਦਾ ਹੈ। ਇਹ ਮਾਮਲਾ 11 ਸਤੰਬਰ 1993 ਦਾ ਹੈ ਜਦੋਂ ਦਿੱਲੀ ਵਿਚ ਯੂਥ ਕਾਂਗਰਸ ਦੇ ਹੈਡਕੁਆਰਟਰ ਦੇ ਬਾਹਰ ਬੰਬ ਧਮਾਕਾ ਹੋਇਆ ਸੀ ਜਿਸ ਵਿਚ 9 ਲੋਕ ਮਾਰੇਗਏ  ਸਨ ਤੇ 31 ਫੱਟੜ ਹੋਗਏ  ਸਨ। ਅਗਸਤ 2001 ਵਿਚ ਟਾਡਾ ਅਦਾਲਤ ਨੇ ਭੁੱਲਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। 2014 ਵਿਚ ਸੁਪਰੀਮ ਕੋਰਟ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਤਬਦੀਲ ਕਰ ਦਿੱਤੀ ਸੀ ਜਿਸ ਮਗਰੋਂ ਜੂਨ 2015 ਵਿਚ ਉਹਨਾਂ ਨੂੰ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ।