ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਅੱਠਵੀਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦਾ ਤੋਹਫਾ ਦਿੰਦੇ ਹੋਏ ਹਰੀ ਝੰਡੀ ਦਿਖਾਈ।

ਆਂਧਰਾ ਪ੍ਰਦੇਸ਼, 15 ਜਨਵਰੀ :  ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੈਸਿੰਗ ਰਾਹੀਂ ਸਿੰਕਦਰਾਬਾਦ ਅਤੇ ਵਿਸ਼ਾਖਾਪਟਨਮ ਵਿੱਚਕਾਰ ਅੱਜ ਮਕਰ ਸੰਕ੍ਰਰਾਂਤੀ ਮੌਕੇ ਦੇਸ਼ ਨੂੰ ਅੱਠਵੀਂ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਦਾ ਤੋਹਫਾ ਦਿੰਦੇ ਹੋਏ ਹਰੀ ਝੰਡੀ ਦਿਖਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਵੰਦੇ ਭਾਰਤ ਐਕਸਪ੍ਰੈਸ ਭਾਰਤ ਦਾ ਪ੍ਰਤੀਕ ਹੈ ਜੋ ਆਪਣੇ ਹਰ ਨਾਗਰਿਕ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਚਾਹੁੰਦੀ ਹੈ। ਇਹ ਭਾਰਤ ਦਾ ਪ੍ਰਤੀਕ ਹੈ, ਜੋ ਗੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਆ ਕੇ ਆਤਮ-ਨਿਰਭਰਤਾ ਵੱਲ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ਅੱਜ ਵੰਦੇ ਭਾਰਤ 'ਤੇ ਜਿਸ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ, ਉਹ ਸ਼ਲਾਘਾਯੋਗ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ 2023 ਦੀ ਪਹਿਲੀ ਟਰੇਨ ਹੈ। ਇਹ 15 ਦਿਨਾਂ ਦੇ ਅੰਦਰ ਸਾਡੇ ਦੇਸ਼ ਵਿੱਚ ਚੱਲਣ ਵਾਲੀ ਦੂਜੀ ਵੰਦੇ ਭਾਰਤ ਟਰੇਨ ਹੈ। ਇਹ ਦਰਸਾਉਂਦਾ ਹੈ ਕਿ ਭਾਰਤ ਵਿੱਚ ਵੰਦੇ ਭਾਰਤ ਅਭਿਆਨ ਕਿੰਨੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਹ ਦੇਸ਼ ਦੀ ਰੇਲ ਗੱਡੀ ਹੈ। ਇਸ ਦੀ ਸਪੀਡ ਦੀਆਂ ਕਈ ਵੀਡੀਓਜ਼ ਲੋਕਾਂ ਦੇ ਦਿਲਾਂ-ਦਿਮਾਗ਼ਾਂ 'ਚ ਘਰ ਕਰ ਚੁੱਕੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਜਦੋਂ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚਾ ਇਕੱਠੇ ਹੁੰਦੇ ਹਨ, ਇਹ ਸੁਪਨਿਆਂ ਨੂੰ ਹਕੀਕਤ ਨਾਲ ਜੋੜਦਾ ਹੈ। ਇਹ ਨਿਰਮਾਣ ਨੂੰ ਬਾਜ਼ਾਰ ਨਾਲ ਜੋੜਦਾ ਹੈ। ਹੁਨਰ ਨੂੰ ਸਹੀ ਪਲੇਟਫਾਰਮ ਨਾਲ ਜੋੜਦਾ ਹੈ। ਕਨੈਕਟੀਵਿਟੀ ਆਪਣੇ ਨਾਲ ਵਿਕਾਸ ਦੀ ਸੰਭਾਵਨਾ ਲਿਆਉਂਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਗਤੀ ਹੁੰਦਾ ਹੈ, ਉੱਥੇ ਤਰੱਕੀ ਹੁੰਦੀ ਹੈ। ਅਸੀਂ ਉਹ ਸਮਾਂ ਵੀ ਦੇਖਿਆ ਹੈ ਜਦੋਂ ਇੱਥੇ ਵਿਕਾਸ ਅਤੇ ਆਧੁਨਿਕ ਸੰਪਰਕ ਦਾ ਲਾਭ ਬਹੁਤ ਘੱਟ ਲੋਕਾਂ ਨੂੰ ਮਿਲਦਾ ਸੀ। ਇਸ ਕਾਰਨ ਦੇਸ਼ ਦੀ ਬਹੁਤ ਵੱਡੀ ਆਬਾਦੀ ਦਾ ਸਮਾਂ ਆਉਣ-ਜਾਣ ਵਿਚ ਹੀ ਲੰਘ ਜਾਂਦਾ ਸੀ। ਇਸ ਨਾਲ ਆਮ ਨਾਗਰਿਕ, ਮੱਧ ਵਰਗ ਦਾ ਨੁਕਸਾਨ ਹੁੰਦਾ ਸੀ। ਅੱਜ ਭਾਰਤ ਉਸ ਪੁਰਾਣੀ ਸੋਚ ਨੂੰ ਛੱਡ ਕੇ ਅੱਗੇ ਵਧ ਰਿਹਾ ਹੈ। ਵੰਦੇ ਭਾਰਤ ਟਰੇਨ ਇਸ ਦਾ ਵੱਡਾ ਸਬੂਤ ਅਤੇ ਪ੍ਰਤੀਕ ਹੈ। ਜਦੋਂ ਇੱਛਾ ਸ਼ਕਤੀ ਹੋਵੇ, ਤਾਂ ਸਭ ਤੋਂ ਔਖੇ ਟੀਚਿਆਂ ਨੂੰ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਰੇਲਵੇ ਨੇ ਦੱਸਿਆ ਕਿ ਇਸ ਟ੍ਰੇਨ ਵਿੱਚ 14 ਏਸੀ ਚੇਅਰ ਕਾਰ ਅਤੇ ਦੋ ਐਗਜ਼ੀਕਿਊਟਿਵ ਏਸੀ ਚੇਅਰ ਕਾਰ ਕੋਚਾਂ ਦੇ ਨਾਲ 1,128 ਯਾਤਰੀਆਂ ਦੀ ਸਮਰੱਥਾ ਹੈ। ਇਹ ਟਰੇਨ ਸਿਕੰਦਰਾਬਾਦ ਅਤੇ ਵਿਸ਼ਾਖਾਪਟਨਮ ਦੀ ਦੂਰੀ ਕਰੀਬ 8 ਘੰਟਿਆਂ ਵਿੱਚ ਤੈਅ ਕਰੇਗੀ। ਇਹ ਭਾਰਤੀ ਰੇਲਵੇ ਦੁਆਰਾ ਸ਼ੁਰੂ ਕੀਤੀ ਗਈ 8ਵੀਂ ਵੰਦੇ ਭਾਰਤ ਐਕਸਪ੍ਰੈਸ ਟਰੇਨ ਹੈ। ਲਗਭਗ 700 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਦੀ ਹੋਈ, ਇਹ ਤੇਲਗੂ ਬੋਲਣ ਵਾਲੇ ਰਾਜਾਂ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਨੂੰ ਜੋੜਨ ਵਾਲੀ ਪਹਿਲੀ ਰੇਲਗੱਡੀ ਹੈ। ਟ੍ਰੇਨ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ, ਰਾਜਮੁੰਦਰੀ ਅਤੇ ਵਿਜੇਵਾੜਾ ਅਤੇ ਤੇਲੰਗਾਨਾ ਦੇ ਖੰਮਮ, ਵਾਰੰਗਲ ਅਤੇ ਸਿਕੰਦਰਾਬਾਦ ਸਟੇਸ਼ਨਾਂ 'ਤੇ ਰੁਕੇਗੀ।