ਰਾਸ਼ਟਰਪਤੀ ਮੁਰਮੂ ਨੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਮਰਨ ਉਪਰੰਤ ਭਾਰਤ ਰਤਨ ਪੁਰਸਕਾਰ ਨਾਲ ਕੀਤਾ ਸਨਮਾਨਿਤ 

ਨਵੀਂ ਦਿੱਲੀ, 30 ਮਾਰਚ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਭਾਰਤ ਦੇ ਦੋ ਸਾਬਕਾ ਪ੍ਰਧਾਨ ਮੰਤਰੀਆਂ ਪੀਵੀ ਨਰਸਿਮਹਾ ਰਾਓ ਅਤੇ ਚੌਧਰੀ ਚਰਨ ਸਿੰਘ ਨੂੰ ਮਰਨ ਉਪਰੰਤ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੇ ਨਾਲ ਭਾਰਤ ਵਿੱਚ ਹਰੀ ਕ੍ਰਾਂਤੀ ਦੇ ਪਿਤਾਮਾ ਵਜੋਂ ਜਾਣੇ ਜਾਂਦੇ ਵਿਗਿਆਨੀ ਐਮਐਸ ਸਵਾਮੀਨਾਥਨ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਕਰਪੂਰੀ ਠਾਕੁਰ ਨੂੰ ਵੀ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਰਤਨ ਪੁਰਸਕਾਰ ਸਮਾਰੋਹ ਰਾਸ਼ਟਰਪਤੀ ਭਵਨ ਵਿੱਚ ਹੋਇਆ। ਸਾਰੇ ਪੁਰਸਕਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਾਪਤ ਕੀਤੇ। ਸਾਬਕਾ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਦੇ ਪੁੱਤਰ ਪੀਵੀ ਪ੍ਰਭਾਕਰ ਰਾਓ ਨੇ ਰਾਸ਼ਟਰਪਤੀ ਵੱਲੋਂ ਆਪਣੇ ਪਿਤਾ ਨੂੰ ਦਿੱਤਾ ਗਿਆ ਪੁਰਸਕਾਰ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਚੌਧਰੀ ਚਰਨ ਸਿੰਘ ਦੇ ਪੋਤਰੇ ਅਤੇ ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਪ੍ਰਧਾਨ ਜਯੰਤ ਚੌਧਰੀ ਨੇ ਮੁਰਮੂ ਤੋਂ ਸਨਮਾਨ ਸਵੀਕਾਰ ਕੀਤਾ। ਸਵਾਮੀਨਾਥਨ ਦੀ ਬੇਟੀ ਨਿਤਿਆ ਰਾਓ ਅਤੇ ਕਰਪੂਰੀ ਠਾਕੁਰ ਦੇ ਬੇਟੇ ਰਾਮਨਾਥ ਠਾਕੁਰ ਨੇ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕੀਤਾ।