ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅਹਿਮਦਾਬਾਦ ਦੇ ਗਾਂਧੀ ਆਸ਼ਰਮ ਦਾ ਕੀਤਾ ਦੌਰਾ

ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸੋਮਵਾਰ ਤੋਂ ਦੋ ਦਿਨਾਂ ਗੁਜਰਾਤ ਦੌਰੇ 'ਤੇ ਹਨ। ਭਾਰਤ ਦੇ ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦੀ ਪਹਿਲੀ ਗੁਜਰਾਤ ਫੇਰੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਮਵਾਰ ਨੂੰ ਅਹਿਮਦਾਬਾਦ ਦੇ ਗਾਂਧੀ ਆਸ਼ਰਮ ਦਾ ਦੌਰਾ ਕੀਤਾ। ਰਾਸ਼ਟਰਪਤੀ ਮੁਰਮੂ ਨੇ ਆਸ਼ਰਮ ਵਿੱਚ ਚਰਖਾ ਕੱਤਿਆ। ਉਨ੍ਹਾਂ ਮਹਾਤਮਾ ਗਾਂਧੀ ਨੂੰ ਵੀ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਸੂਬੇ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਵੀ ਮੌਜੂਦ ਸਨ। ਰਾਸ਼ਟਰਪਤੀ ਭਵਨ ਵੱਲੋਂ ਦੱਸਿਆ ਗਿਆ ਕਿ ਸਾਬਰਮਤੀ ਆਸ਼ਰਮ ਤੋਂ ਬਾਅਦ ਮੁਰਮੂ ਜੀਐਮਈਆਰਐਸ ਗਾਂਧੀਨਗਰ ਵਿੱਚ ਸਿਹਤ, ਸਿੰਚਾਈ, ਜਲ ਸਪਲਾਈ ਅਤੇ ਬੰਦਰਗਾਹ ਵਿਕਾਸ ਨਾਲ ਸਬੰਧਤ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਬਾਅਦ ਵਿੱਚ ਸ਼ਾਮ ਨੂੰ, ਉਹ ਗਾਂਧੀਨਗਰ ਵਿੱਚ ਗੁਜਰਾਤ ਸਰਕਾਰ ਦੁਆਰਾ ਉਨ੍ਹਾਂਦੇ ਸਨਮਾਨ ਵਿੱਚ ਆਯੋਜਿਤ ਇੱਕ ਰਿਸੈਪਸ਼ਨ ਵਿੱਚ ਸ਼ਾਮਲ ਹੋਣਗੇ। ਬਿਆਨ ਵਿਚ ਕਿਹਾ ਗਿਆ ਹੈ ਕਿ 4 ਅਕਤੂਬਰ ਨੂੰ ਰਾਸ਼ਟਰਪਤੀ ਮਹਿਲਾ ਉੱਦਮੀਆਂ ਲਈ ਗੁਜਰਾਤ ਯੂਨੀਵਰਸਿਟੀ ਦੇ ਸਟਾਰਟ-ਅੱਪ ਪਲੇਟਫਾਰਮ 'ਹਰ ਸਟਾਰਟ' ਦੀ ਸ਼ੁਰੂਆਤ ਕਰਨਗੇ। ਉਹ ਗੁਜਰਾਤ ਯੂਨੀਵਰਸਿਟੀ, ਅਹਿਮਦਾਬਾਦ ਵਿਖੇ ਸਿੱਖਿਆ ਅਤੇ ਆਦਿਵਾਸੀ ਵਿਕਾਸ ਨਾਲ ਸਬੰਧਤ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। herSTART ਮਹਿਲਾ ਉੱਦਮੀਆਂ ਲਈ ਗੁਜਰਾਤ ਯੂਨੀਵਰਸਿਟੀ ਦਾ ਸਟਾਰਟ-ਅੱਪ ਪਲੇਟਫਾਰਮ ਹੈ। ਇਹ ਗੁਜਰਾਤ ਯੂਨੀਵਰਸਿਟੀ ਦੀ ਸਟਾਰਟਅੱਪ ਅਤੇ ਉੱਦਮੀ ਕੌਂਸਲ (GUSEC) ਦੇ ਪ੍ਰਮੁੱਖ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਇਸਦੀ ਸਥਾਪਨਾ ਔਰਤਾਂ ਦੁਆਰਾ ਨਵੇਂ ਵਿਚਾਰਾਂ ਨੂੰ ਉਤਸ਼ਾਹ ਦੇਣ ਦੇ ਉਦੇਸ਼ ਨਾਲ ਕੀਤੀ ਗਈ ਹੈ। ਇਹ ਸਟਾਰਟ-ਅੱਪ ਪ੍ਰੋਗਰਾਮ ਉਨ੍ਹਾਂ ਸਾਰੀਆਂ ਔਰਤਾਂ ਲਈ ਹੈ ਜਿਨ੍ਹਾਂ ਕੋਲ ਨਵੇਂ ਵਿਚਾਰ ਅਤੇ ਮੌਜੂਦਾ ਕਾਰੋਬਾਰੀ ਉੱਦਮ ਹਨ। ਇਸ ਦੇ ਨਾਲ ਹੀ ਐਤਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਦੁਰਗਾ ਪੂਜਾ ਦੇ ਮੌਕੇ 'ਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ। ਦ੍ਰੌਪਦੀ ਮੁਰਮੂ ਨੇ ਇੱਕ ਅਜਿਹਾ ਸਮਾਜ ਬਣਾਉਣ ਲਈ ਕਿਹਾ ਜਿਸ ਵਿੱਚ ਔਰਤਾਂ ਦਾ ਸਨਮਾਨ ਹੋਵੇ ਅਤੇ ਉਹ ਰਾਸ਼ਟਰ ਨਿਰਮਾਣ ਦੀ ਪ੍ਰਕਿਰਿਆ ਵਿੱਚ ਬਰਾਬਰ ਦਾ ਯੋਗਦਾਨ ਪਾਉਣ।