ਗ਼ਰੀਬ, ਨੌਜਵਾਨ, ਔਰਤਾਂ ਤੇ ਕਿਸਾਨ ਮੇਰੇ ਲਈ ਸਭ ਤੋਂ ਵੱਡੀਆਂ ਚਾਰ ਜਾਤਾਂ, ਜਦੋਂ ਤੱਕ ਮੈਂ ਇਨ੍ਹਾਂ ਨੂੰ ਮੁਸ਼ਕਲਾਂ ’ਚੋਂ ਕੱਢ ਨਹੀਂ ਦਿੰਦਾ, ਚੈਨ ਨਾਲ ਬੈਠਣ ਵਾਲਾ ਨਹੀਂ ਹਾਂ : ਪੀਐਮ ਮੋਦੀ 

ਝਾਰਖੰਡ, 30 ਨਵੰਬਰ : ਝਾਰਖੰਡ ਦੇ ਦੇਵਘਰ ਏਮਜ਼ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਵਿਕਾਸ ਭਾਰਤ ਸੰਕਲਪ ਯਾਤਰਾ' ਦੇ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਜਨ ਔਸ਼ਧੀ ਕੇਂਦਰਾਂ ਦੀ ਗਿਣਤੀ 10,000 ਤੋਂ ਵਧਾ ਕੇ 25,000 ਕਰਨ ਲਈ ਇੱਕ ਪ੍ਰੋਗਰਾਮ ਵੀ ਸ਼ੁਰੂ ਕੀਤਾ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਮਹਿਲਾ ਕਿਸਾਨ ਡਰੋਨ ਕੇਂਦਰ ਦਾ ਉਦਘਾਟਨ ਵੀ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਚੰਗੀ ਦਵਾਈ ਅਤੇ ਸਸਤੀ ਦਵਾਈ ਇੱਕ ਮਹਾਨ ਸੇਵਾ ਹੈ। ਉਨ੍ਹਾਂ ਕਿਹਾ ਕਿ ਮੇਰੀ ਗੱਲ ਸੁਣਨ ਵਾਲੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਉਹ ਜਨ ਔਸ਼ਧੀ ਕੇਂਦਰ ਬਾਰੇ ਲੋਕਾਂ ਨੂੰ ਦੱਸਣ। ਪੀਐੱਮ ਨੇ ਕਿਹਾ ਕਿ ਪਹਿਲਾਂ ਜੋ ਦਵਾਈਆਂ 'ਤੇ 12-13 ਹਜ਼ਾਰ ਰੁਪਏ ਦਾ ਖਰਚ ਆਉਂਦਾ ਸੀ ਉਹ ਜਨ ਔਸ਼ਧੀ ਕੇਂਦਰ ਕਾਰਨ ਸਿਰਫ 2-3 ਹਜ਼ਾਰ ਰੁਪਏ ਹੋ ਰਿਹਾ ਹੈ ਮਤਲਬ 10 ਹਜ਼ਾਰ ਰੁਪਏ ਤੁਹਾਡੀ ਜੇਬ 'ਚ ਬਚ ਰਹੇ ਹਨ। ਜਾਤੀ ਆਧਾਰਤ ਮਰਦਮਸ਼ੁਮਾਰੀ ਦਾ ਮੁੱਦਾ ਉਛਾਲ ਕੇ ਸਮਾਜਿਕ ਨਿਆਂ ਦੀਆਂ ਪੈਰੋਕਾਰ ਬਣੀਆਂ ਵਿਰੋਧੀ ਧਿਰਾਂ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਾਸਵਾਦ ਦੀ ਆਪਣੀ ਰਾਜਨੀਤੀ ਅਤੇ ਚੋਣ ਰਣਨੀਤੀ ਦਾ ਸਪੱਸ਼ਟ ਸੰਦੇਸ਼ ਦਿੱਤਾ। ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਪਾਤਰੀਆਂ ਨਾਲ ਵਰਚੂਅਲ ਸੰਵਾਦ ’ਚ ਉਨ੍ਹਾਂ ਸਪੱਸ਼ਟ ਕਿਹਾ ਕਿ ਗ਼ਰੀਬ, ਨੌਜਵਾਨ, ਔਰਤਾਂ ਤੇ ਕਿਸਾਨ ਹੀ ਉਨ੍ਹਾਂ ਲਈ ਸਭ ਤੋਂ ਵੱਡੀਆਂ ਚਾਰ ਜਾਤਾਂ ਹਨ। ਇਨ੍ਹਾਂ ਨੂੰ ਲੈ ਕੇ ਆਪਣੀ ਪ੍ਰਤੀਬੱਧਤਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਚਾਰ ਜਾਤਾਂ ਨੂੰ ਮੁਸ਼ਕਲਾਂ ’ਚੋਂ ਉਭਾਰ ਨਹੀਂ ਦਿੰਦਾ, ਮੈਂ ਚੈਨ ਨਾਲ ਨਹੀਂ ਬੈਠਣ ਵਾਲਾ। ਉਨ੍ਹਾਂ ਨੇ ਸਮਾਜਿਕ ਨਿਆਂ ਨੂੰ ਵੀ ਆਪਣੇ ਸ਼ਬਦਾਂ ’ਚ ਪਰਿਭਾਸ਼ਤ ਕੀਤਾ ਕਿ ਨਾਗਰਿਕਾਂ ਨੂੰ ਉਨ੍ਹਾਂ ਦਾ ਹੱਕ ਦੇਣਾ ਹੀ ਸੁਭਾਵਿਕ ਅਤੇ ਸੱਚਾ ਸਮਾਜਿਕ ਨਿਆਂ ਹੈ। ਪਿੰਡ-ਪਿੰਡ ਕੀਤੀ ਜਾ ਰਹੀ ਕੇਂਦਰ ਸਰਕਾਰ ਦੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਪਾਤਰੀਆਂ ਨਾਲ ਸੰਵਾਦ ’ਚ ਕਿਹਾ ਕਿ ਇਸ ਯਾਤਰਾ ਦੇ ਰਥ ਨੂੰ ਕੁਝ ਪਿੰਡ ਵਾਲਿਆਂ ਨੇ ‘ਮੋਦੀ ਦੀ ਗਾਰੰਟੀ ਵਾਲੀ ਗੱਡੀ’ ਨਾਂ ਦੇ ਦਿੱਤਾ ਹੈ। ਇਸ ਯਾਤਰਾ ਰਹੀਂ ਸਰਕਾਰ ਉਨ੍ਹਾਂ ਦਾ ਫੀਡਬੈਕ ਲੈ ਰਹੀ ਹੈ। ਜਿਨ੍ਹਾਂ ਨੂੰ ਯੋਜਨਾਵਾਂ ਦਾ ਲਾਭ ਮਿਲਿਆ ਹੈ ਤੇ ਜਿਨ੍ਹਾਂ ਨੂੰ ਨਹੀਂ ਮਿਲਿਆ, ਉਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਤਾਂ ਕਿ ਅਗਲੇ ਪੰਜ ਸਾਲਾਂ ’ਚ ਉਨ੍ਹਾਂ ਦਾ ਲਾਭ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਯਾਤਰਾ ਪ੍ਰਤੀ ਜਨਤਾ ਦਾ ਇਹ ਉਤਸ਼ਾਹ ਅਚਾਨਕ ਨਹੀਂ ਹੈ। ਲੋਕਾਂ ਨੇ ਪਿਛਲੇ ਦਸ ਸਾਲ ਮੋਦੀ ਅਤੇ ਉਨ੍ਹਾਂ ਦੇ ਕੰਮਾਂ ਨੂੰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੇ ਉਹ ਦੌਰ ਵੀ ਦੇਖਿਆ ਹੈ, ਜਦੋਂ ਸਰਕਾਰਾਂ ਖ਼ੁਦ ਨੂੰ ਜਨਤਾ ਦਾ ਮਾਈ-ਬਾਪ ਸਮਝਦੀਆਂ ਸਨ। ਇਸ ਕਾਰਨ ਜਨਤਾ ਆਜ਼ਾਦੀ ਤੋਂ ਦਹਾਕਿਆਂ ਬਾਅਦ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੀ ਰਹੀ। ਵਿਚੋਲਿਆਂ ਤੇ ਰਿਸ਼ਵਤ ਤੋਂ ਬਗ਼ੈਰ ਕੋਈ ਕੰਮ ਨਹੀਂ ਸੀ ਹੁੰਦਾ। ਸਰਕਾਰਾਂ ਨੂੰ ਸਿਰਫ਼ ਚੋਣਾਂ ਤੇ ਵੋਟ ਬੈਂਕ ਹੀ ਨਜ਼ਰ ਆਉਂਦਾ ਸੀ। ਨਿਰਾਸ਼ਾ ਦੀ ਸਥਿਤੀ ਨੂੰ ਸਾਡੀ ਸਰਕਾਰ ਨੇ ਬਦਲਿਆ ਹੈ। ਅੱਜ ਦੀ ਸਰਕਾਰ ਜਨਤਾ ਨੂੰ ਜਨਾਰਦਨ, ਭਗਵਾਨ ਦਾ ਰੂਪ ਮੰਨਦੀ ਹੈ। ਅੱਜ ਦੇਸ਼ ਕੁਸ਼ਾਸਨ ਨੂੰ ਪਿੱਛੇ ਛੱਡ ਕੇ ਸੁਸ਼ਾਸਨ ਵੱਲ ਵਧਿਆ ਹੈ। ਉਨ੍ਹਾਂ ਕਿਹਾ ਕਿ ਸੁਸ਼ਾਸਨ ਦਾ ਮਤਲਬ ਹੈ ਸੌ ਫ਼ੀਸਦੀ ਲਾਭ ਮਿਲਣਾ। ਸਰਕਾਰ ਨਾਗਰਿਕਾਂ ਦੀ ਜ਼ਰੂਰਤ ਨੂੰ ਸਮਝੇ ਤੇ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਦਿਵਾਏ, ਇਹੋ ਸੁਭਾਵਿਕ ਅਤੇ ਸੱਚਾ ਸਮਾਜਿਕ ਨਿਆਂ ਹੈ। ਵਿਕਸਿਤ ਭਾਰਤ ਦੇ ਸੰਕਲਪ ਨਾਲ ਜਨਤਾ ਨੂੰ ਜੋੜਦਿਆਂ ਉਨ੍ਹਾਂ ਕਿਹਾ ਕਿ ਇਹ ਸੰਕਲਪ ਚਾਰ ਥੰਮ੍ਹਾਂ ’ਤੇ ਟਿਕਿਆ ਹੈ। ਇਹ ਥੰਮ੍ਹ ਨਾਰੀ ਸ਼ਕਤੀ, ਨੌਜਵਾਨ ਸ਼ਕਤੀ, ਕਿਸਾਨ ਅਤੇ ਗ਼ਰੀਬ ਪਰਿਵਾਰ ਹਨ। ਉਨ੍ਹਾਂ ਕਿਹਾ ਕਿ ਗ਼ਰੀਬ ਚਾਹੇ ਉਹ ਜਨਮ ਤੋਂ ਕੁਝ ਵੀ ਹੋਵੇ, ਉਸ ਦਾ ਜੀਵਨ ਪੱਧਰ ਸੁਧਾਰਨਾ ਹੈ, ਉਸ ਨੂੰ ਗ਼ਰੀਬੀ ’ਚੋਂ ਕੱਢਣਾ ਹੈ। ਨੌਜਵਾਨ ਕਿਸੇ ਵੀ ਜਾਤ ਦਾ ਹੋਵੇ, ਉਸ ਨੂੰ ਰੁਜ਼ਗਾਰ, ਸਵੈ-ਰੁਜ਼ਗਾਰ ਦਾ ਮੌਕਾ ਦੇਣਾ ਹੈ। ਦੇਸ਼ ਦੀ ਕੋਈ ਵੀ ਔਰਤ ਹੋਵੇ, ਉਸ ਨੂੰ ਸਮਰੱਥ ਬਣਾਉਣਾ ਹੈ, ਜੀਵਨ ਦੀਆਂ ਮੁਸ਼ਕਲਾਂ ਘੱਟ ਕਰ ਕੇ ਉਸ ਦੇ ਸੁਪਨਿਆਂ ਨੂੰ ਖੰਭ ਦੇਣਾ ਹੈ। ਕਿਸਾਨ ਕੋਈ ਵੀ ਹੋਵੇ, ਉਸ ਦੀ ਆਮਦਨ ਅਤੇ ਸਮਰੱਥਾ ਨੂੰ ਵਧਾਉਣਾ ਹੈ। ਉਨ੍ਹਾਂ ਨੇ ਜਨਤਾ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਜਦੋਂ ਤੱਕ ਮੈਂ ਇਨ੍ਹਾਂ ਚਾਰ ਜਾਤਾਂ ਨੂੰ ਮੁਸ਼ਕਲਾਂ ’ਚੋਂ ਕੱਢ ਨਹੀਂ ਦਿੰਦਾ, ਚੈਨ ਨਾਲ ਬੈਠਣ ਵਾਲਾ ਨਹੀਂ ਹਾਂ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਔਰਤਾਂ ਨੂੰ ਨਮਨ ਕਰਨ ਦਾ ਮਨ ਹੈ, ਇਸ ਲਈ ਯੋਜਨਾ ਦਾ ਨਾਂ ਨਮੋ ਡ੍ਰੋਨ ਦੀਦੀ ਨਾਂ ਦੇਣਾ ਚਾਹੁੰਦਾ ਹਾਂ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਜਦੋਂ ਔਰਤਾਂ ਨੂੰ ਡਰੋਨ ਚਲਾਉਣ ਦੀ ਸਿਖਲਾਈ ਸ਼ੁਰੂ ਕੀਤੀ ਗਈ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਯੋਜਨਾ 'ਤੇ ਸ਼ੱਕ ਪ੍ਰਗਟਾਇਆ ਸੀ। ਰਮਨ ਅੰਮਾ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਔਰਤਾਂ ਨੇ ਸਾਬਤ ਕਰ ਦਿੱਤਾ ਹੈ ਕਿ ਡਰੋਨ ਖੇਤੀਬਾੜੀ ਵਿੱਚ ਤਕਨਾਲੋਜੀ ਦੇ ਦਾਇਰੇ ਤੋਂ ਬਾਹਰ ਜਾਣਗੇ ਅਤੇ ਮਹਿਲਾ ਸਸ਼ਕਤੀਕਰਨ ਦੇ ਪ੍ਰਤੀਕ ਵਜੋਂ ਵੀ ਉਭਰਣਗੀਆਂ। ਉਨ੍ਹਾਂ ਕਿਹਾ ਕਿ ਇਹ ਸਾਰੇ ਦੇਸ਼ ਲਈ ਪ੍ਰੇਰਨਾ ਸਰੋਤ ਹਨ। ਵਿਕਸਤ ਭਾਰਤ ਦੀ ਇਸ ਸੰਕਲਪ ਯਾਤਰਾ ਵਿੱਚ ਤੁਹਾਡੇ ਵਰਗੀਆਂ ਔਰਤਾਂ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ। ਇਸ ਦੌਰਾਨ ਜਦੋਂ ਪੀਐਮ ਮੋਦੀ ਨੇ ਅਰੁਣਾਚਲ ਪ੍ਰਦੇਸ਼ ਦੇ ਇੱਕ ਲਾਭਪਾਤਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਪੀਐਮ ਅਤੇ ਸਰਕਾਰ ਦੀ ਖੂਬ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਕਾਨ ਬਣਾਉਣ ਵਿੱਚ ਮੇਰੀ ਬਹੁਤ ਮਦਦ ਕੀਤੀ। ਇਹ ਸੁਣ ਕੇ ਪੀਐਮ ਮੋਦੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਤੁਹਾਨੂੰ ਫ਼ਾਇਦਾ ਹੋਇਆ ਹੈ ਹੁਣ ਮੈਨੂੰ ਵੀ ਹੁਣ ਆਸ਼ੀਰਵਾਦ ਦਿਉ। ਇਸ ਤੋਂ ਪਹਿਲਾਂ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਅਸੀਂ ਇਸ ਯਾਤਰਾ ਵਿੱਚ ਉਨ੍ਹਾਂ ਸਾਰੇ ਲਾਭਪਾਤਰੀਆਂ ਨੂੰ ਸ਼ਾਮਲ ਕਰਾਂਗੇ ਅਤੇ ਉਨ੍ਹਾਂ ਨੂੰ ਸੂਚਿਤ ਕਰਾਂਗੇ ਜੋ ਮੋਦੀ ਦੁਆਰਾ ਉਨ੍ਹਾਂ ਦੇ ਵਿਕਾਸ ਅਤੇ ਭਲਾਈ ਲਈ ਦਿੱਤੀਆਂ ਗਈਆਂ ਸਹੂਲਤਾਂ ਤੋਂ ਅਣਜਾਣ ਹਨ।