ਪਾਸਪੋਰਟ ਬਣਵਾਉਣ ਲਈ ਪੁਲਿਸ ਵੈਰੀਫਿਕੇਸ਼ਨ ਹੁਣ ਪੰਜ ਦਿਨਾਂ ’ਚ ਆਨਲਾਈਨ ਹੋ ਜਾਵੇਗੀ : ਅਮਿਤ ਸ਼ਾਹ

ਨਵੀਂ ਦਿੱਲੀ, 17 ਫਰਵਰੀ : ਪਾਸਪੋਰਟ ਬਣਵਾਉਣ ਲਈ ਪੁਲਿਸ ਵੈਰੀਫਿਕੇਸ਼ਨ ’ਚ ਹੁਣ 15 ਦਿਨਾਂ ਦਾ ਸਮਾਂ ਨਹੀਂ ਲੱਗੇਗਾ ਸਗੋਂ ਮਹਿਜ਼ ਪੰਜ ਦਿਨਾਂ ’ਚ ਹੀ ਆਨਲਾਈਨ ਵੈਰੀਫਿਕੇਸ਼ਨ ਹੋ ਜਾਵੇਗੀ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਪੁਲਿਸ ਦੇ 76ਵੇਂ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ’ਚ ਕੀਤਾ। ਉਨ੍ਹਾਂ ਕਿਹਾ ਕਿ ਪਾਸਪੋਰਟ ਵੈਰੀਫਿਕੇਸ਼ਨ ਦੀ ਪੂਰੀ ਤਰ੍ਹਾਂ ਆਨਲਾਈਨ ਸਹੂਲਤ ਨੂੰ ਲੋਕ ਅਰਪਣ ਕਰਨ ਮੌਕੇ ਇਹ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਮੋਬਾਈਲ ਫੋਰੈਂਸਿਕ ਵਾਹਨ ਜਨਤਾ ਨੂੰ ਸਮਰਪਿਤ ਕੀਤੇ। ਉਨ੍ਹਾਂ ਕਿਹਾ ਕਿ ਦਿੱਲੀ ’ਚ ਮੋਬਾਈਲ ਟੈਬਲੇਟ ਨਾਲ ਟਰਾਂਸਪੋਰਟ ਐਪਲੀਕੇਸ਼ਨ ਵੈਰੀਫਿਕੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਨਾਲ ਪੰਜ ਦਿਨਾਂ ’ਚ ਹੀ ਆਨਲਾਈਨ ਪੁਲਿਸ ਵੈਰੀਫਿਕੇਸ਼ਨ ਹੋ ਜਾਵੇਗਾ। ਇਸ ਲਈ ਹੁਣ ਲੋਕਾਂ ਨੂੰ ਕਿਤੇ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਆਉਣ ਵਾਲੇ ਦਿਨਾਂ ’ਚ ਆਈਪੀਸੀ, ਸੀਆਰਪੀਸੀ ਤੇ ਐਵੀਡੈਂਸ ਐਕਟ ’ਚ ਵੱਡੀਆਂ ਤਬਦੀਲੀਆਂ ਕਰਨ ਜਾ ਰਹੀ ਹੈ। ਇਨ੍ਹਾਂ ਕਾਨੂੰਨਾਂ ਨੂੰ ਫੋਰੈਂਸਿਕ ਤੇ ਹੋਰ ਸਬੂਤਾਂ ਦੀ ਉਪਲਬਧਤਾ ਨਾਲ ਹੋਰ ਮਜ਼ਬੂਤ ਬਣਾਇਆ ਜਾਵੇਗਾ। ਇਸ ਲਈ ਦੇਸ਼ ਭਰ ’ਚ ਫਾਰੈਂਸਿਕ ਸਾਇੰਸ ਦੇ ਨੈੱਟਵਰਕ ਨੂੰ ਫੈਲਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਛੇ ਸਾਲ ਅਤੇ ਇਸ ਤੋਂ ਜ਼ਿਆਦਾ ਸਜ਼ਾ ਵਾਲੇ ਹਰ ਅਪਰਾਧ ’ਚ ਫਾਰੈਂਸਿਕ ਸਾਇੰਸ ਟੀਮ ਵਿਜ਼ਿਟ ਨੂੰ ਲਾਜ਼ਮੀ ਕੀਤਾ ਜਾ ਰਿਹਾ ਹੈ। ਨੌਂ ਸੂਬਿਆਂ ’ਚ ਨੈਸ਼ਨਲ ਫਾਰੈਂਸਿਕ ਸਾਇੰਸ ਯੂਨੀਵਰਸਿਟੀ ਦੇ ਕੈਂਪਸ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ ਤੇ ਅਗਲੇ ਦੋ ਸਾਲਾਂ ’ਚ ਦੇਸ਼ ਦੇ ਸਾਰੇ ਸੂਬਿਆਂ ’ਚ ਇਸ ਦੇ ਕੈਂਪਸ ਖੋਲ੍ਹੇ ਜਾਣਗੇ। ਦਿੱਲੀ ’ਚ ਪਹਿਲਾਂ 14 ਦਿਨਾਂ ’ਚ ਪੁਲਿਸ ਵੈਰੀਫਿਕੇਸ਼ਨ ਕਰਨ ਦੀ ਸਮਾਂ ਸੀਮਾ ਤੈਅ ਸੀ। ਇਸ ’ਚ ਵੈਰੀਫਿਕੇਸ਼ਨ ਲਈ ਅਰਜ਼ੀ ਪ੍ਰਾਪਤ ਹੋਣ ਤੋਂ ਬਾਅਦ ਸਥਾਨਕ ਥਾਣੇ ਦਾ ਪੁਲਿਸ ਮੁਲਾਜ਼ਮ ਬਿਨੈਕਾਰ ਦੇ ਘਰ ਜਾਂਦਾ ਸੀ। ਇਸ ਤੋਂ ਬਾਅਦ ਉਹ ਰਿਪੋਰਟ ਤਿਆਰ ਕਰਦਾ ਸੀ, ਫਿਰ ਇਸ ਨੂੰ ਆਫਲਾਈਨ ਮੋਡ ਚ ਭੇਜਦਾ ਸੀ। ਇਸ ਪ੍ਰਕਿਰਿਆ ’ਚ ਦੋ ਹਫ਼ਤੇ ਤੋਂ ਜ਼ਿਆਦਾ ਦਾ ਸਮਾਂ ਲੱਗਦਾ ਸੀ। ਹੁਣ ਪੂਰੀ ਪ੍ਰਕਿਰਿਆ ਪੇਪਰਲੈੱਸ ਹੋਵੇਗੀ। ਪੁਲਿਸ ਦਾ ਵੈਰੀਫਿਕੇਸ਼ਨ ਅਧਿਕਾਰੀ ਆਨਲਾਈਨ ਅਰਜ਼ੀ ਪ੍ਰਾਪਤ ਹੋਣ ’ਤੇ ਬਿਨੈਕਾਰ ਦੇ ਘਰ ਜਾਵੇਗਾ ਅਤੇ ਦਰਵਾਜ਼ੇ ’ਤੇ ਖੜ੍ਹੇ-ਖੜ੍ਹੇ ਸਿੱਧੇ ਐਪ ਦੇ ਜ਼ਰੀਏ ਸਾਰੀ ਪ੍ਰਕਿਰਿਆ ਨੂੰ ਪੂਰਾ ਕਰ ਕੇ ਅੰਤਿਮ ਰਿਪੋਰਟ ਦੇਵੇਗਾ। ਇਸ ਐਪ ਨਾਲ ਇਕ ਦਿਨ ’ਚ ਕਈ ਬਿਨੈਕਾਰਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਸਕਦੀ ਹੈ।