ਮੱਧ ਪ੍ਰਦੇਸ਼ ਵਿੱਚ ਪਿਕਅੱਪ ਗੱਡੀ ਬੇਕਾਬੂ ਹੋ ਕੇ ਪਲਟੀ, 14 ਲੋਕਾਂ ਦੀ ਮੌਤ, 20 ਜ਼ਖਮੀ

ਡਿੰਡੋਰੀ, 29 ਫਰਵਰੀ : ਮੱਧ ਪ੍ਰਦੇਸ਼ ਦੇ ਡਿੰਡੋਰੀ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਜ਼ਿਲ੍ਹੇ ਦੇ ਬਰਝਾਰ ਘਾਟ 'ਤੇ ਇਕ ਪਿਕਅੱਪ ਗੱਡੀ ਬੇਕਾਬੂ ਹੋ ਕੇ ਪਲਟ ਜਾਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ। ਜ਼ਖ਼ਮੀਆਂ ਦਾ ਸ਼ਾਹਪੁਰਾ ਕਮਿਊਨਿਟੀ ਹੈਲਥ ਸੈਂਟਰ ਵਿੱਚ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਦੇਰ ਰਾਤ ਪੁਲਸ ਨੂੰ ਸੂਚਨਾ ਮਿਲੀ, ਜਿਸ ਕਾਰਨ ਜ਼ਖਮੀ ਕਰੀਬ ਡੇਢ ਘੰਟੇ ਤੱਕ ਮੌਕੇ 'ਤੇ ਹੀ ਤੜਫਦਾ ਰਿਹਾ। ਸਵੇਰੇ 4 ਵਜੇ ਦੇ ਕਰੀਬ ਜ਼ਖ਼ਮੀਆਂ ਨੂੰ 108 ਗੱਡੀ ਵਿੱਚ ਕਮਿਊਨਿਟੀ ਹੈਲਥ ਸੈਂਟਰ ਸ਼ਾਹਪੁਰਾ ਲਿਆਂਦਾ ਗਿਆ। 20 ਜ਼ਖਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜਬਲਪੁਰ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਲੋਕ ਕਿਸੇ ਪ੍ਰੋਗਰਾਮ ਤੋਂ ਵਾਪਸ ਪਰਤ ਰਹੇ ਸਨ ਤਾਂ ਹਾਦਸੇ ਦਾ ਸ਼ਿਕਾਰ ਹੋ ਗਏ। ਜਿਵੇਂ ਹੀ ਉਨ੍ਹਾਂ ਦੀ ਪਿਕਅੱਪ ਗੱਡੀ ਪਿੰਡ ਡਿੰਡੋਰੀ ਬਿਛੀਆ ਬੜਛੜ ਕੋਲ ਪੁੱਜੀ ਤਾਂ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਅਮਾਦੇਵੀ ਪਿੰਡ ਦੇ ਰਹਿਣ ਵਾਲੇ ਹਨ। ਹਾਦਸੇ 'ਚ ਮਦਨ ਸਿੰਘ ਅਰਮੋ 50 ਸਾਲ, ਪੀਤਮ ਬਰਕੜੇ 16 ਸਾਲ, ਪੁੰਨੂੰ ਪਿਤਾ ਰਾਮਲਾਲ 55 ਸਾਲ, ਭੱਦੀ ਬਾਈ 35 ਸਾਲ, ਸੇਮ ਬਾਈ ਪਤੀ ਰਮੇਸ਼ 40 ਸਾਲ, ਲਾਲ ਸਿੰਘ 53 ਸਾਲ, ਮੁਲੀਆ 60 ਸਾਲ, ਤਿਤਰੀ ਬਾਈ 50 ਸਾਲ, ਸਾਵਿਤਰੀ 55 ਸਾਲ, ਸਰਜੂ 45 ਸਾਲ, ਰਾਮੀ ਬਾਈ 35 ਸਾਲ, ਬਸੰਤੀ 30 ਸਾਲ, ਰਾਮਵਤੀ 30 ਸਾਲ, ਕ੍ਰਿਪਾਲ 45 ਸਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ ਜ਼ਿਆਦਾਤਰ ਅਮਾਈ ਡਿਉੜੀ ਦੇ ਰਹਿਣ ਵਾਲੇ ਹਨ। ਮਰਨ ਵਾਲਿਆਂ ਵਿੱਚ ਛੇ ਪੁਰਸ਼ ਤੇ ਅੱਠ ਔਰਤਾਂ ਸ਼ਾਮਲ ਹਨ।

ਮੁੱਖ ਮੰਤਰੀ ਯਾਦਵ ਨੇ ਕੀਤਾ ਦੁੱਖ ਪ੍ਰਗਟ, ਮਾਲੀ ਸਹਾਇਤਾ ਦਾ ਐਲਾਨ ਕੀਤਾ
ਹਾਦਸੇ ਤੋਂ ਬਾਅਦ ਮੁੱਖ ਮੰਤਰੀ ਡਾ: ਮੋਹਨ ਯਾਦਵ ਨੇ ਇਕ ਵਾਹਨ ਹਾਦਸੇ 'ਚ ਕਈ ਕੀਮਤੀ ਜਾਨਾਂ ਦੇ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਹੈ ਅਤੇ ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।