ਚੱਲਦੀ ਟਰੇਨ ਵਿੱਚ ਇੱਕ ਵਿਅਕਤੀ ਨੇ ਪੈਟਰੋਲ ਛਿੜਕ ਕੇ ਯਾਤਰੀਆਂ ਨੂੰ ਲਗਾਈ ਅੱਗ, ਇੱਕ ਬੱਚੇ ਸਮੇਤ 3 ਦੀ ਮੌਤ, 9 ਝੁਲਸੇ

ਤਿਰੂਵਨੰਤਪੁਰਮ, 03 ਅਪ੍ਰੈਲ : ਕੇਰਲ ਦੇ ਕੋਝੀਕੋਡ ਵਿੱਚ ਇੱਕ ਵਿਅਕਤੀ ਨੇ ਚੱਲਦੀ ਟਰੇਨ ਵਿੱਚ ਪੈਟਰੋਲ ਛਿੜਕ ਕੇ ਯਾਤਰੀਆਂ ਨੂੰ ਅੱਗ ਲਗਾ ਦਿੱਤੀ। ਕਾਹਲੀ ਵਿੱਚ ਤਿੰਨ ਲੋਕਾਂ ਨੇ ਚੱਲਦੀ ਟਰੇਨ ‘ਚੋਂ ਛਾਲ ਮਾਰ ਦਿੱਤੀ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ 'ਚ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 9 ਲੋਕ ਬੁਰੀ ਤਰ੍ਹਾਂ ਨਾਲ ਝੁਲਸ ਗਏ ਹਨ। ਪੁਲਿਸ ਨੂੰ ਪਟੜੀ ਦੇ ਨੇੜੇ ਇੱਕ ਬੈਗ ਮਿਲਿਆ, ਜਿਸ ਵਿੱਚ ਇੱਕ ਪੈਟਰੋਲ ਦੀ ਬੋਤਲ ਅਤੇ ਦੋ ਮੋਬਾਈਲ ਫ਼ੋਨ ਸਨ, ਤੇ ਪਟੜੀ ਤੋਂ ਇੱਕ ਔਰਤ, ਬੱਚੇ ਸਮੇਤ ਤਿੰਨ ਦੀ ਮੌਤ ਹੋ ਗਈ ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਹਨ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਉਸ ਖਿਲਾਫ ਮਾਮਲਾ ਦਰਜ ਕਰ ਕੇ ਉਸਦੀ ਭਾਲ ਕੀਤੀ ਜਾ ਰਹੀ ਹੈ। ਰਹਿਮਤ, ਉਸ ਦੀ ਭੈਣ ਅਤੇ ਉਨ੍ਹਾਂ ਦੀ ਦੋ ਸਾਲਾ ਧੀ, ਸਾਰੇ ਵਾਸੀ ਮੱਤਨੂਰ, ਘਟਨਾ ਵਿੱਚ ਮਾਰੇ ਗਏ ਸਨ। ਥਲਸੇਰੀ ਦੇ ਅਨਿਲ ਕੁਮਾਰ, ਉਨ੍ਹਾਂ ਦੀ ਪਤਨੀ ਸਾਜੀਸ਼ਾ, ਉਨ੍ਹਾਂ ਦਾ ਬੇਟਾ ਅਦਵੈਤ, ਕੰਨੂਰ ਦੀ ਰੂਬੀ ਅਤੇ ਤ੍ਰਿਸੂਰ ਦੇ ਰਾਜਕੁਮਾਰ ਜ਼ਖਮੀ ਹੋ ਗਏ ਹਨ। ਇਨ੍ਹਾਂ ਲੋਕਾਂ ਨੂੰ ਕੋਝੀਕੋਡ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅੱਗ ਲੱਗਣ ਤੋਂ ਬਾਅਦ ਹੋਰ ਯਾਤਰੀਆਂ ਨੇ ਚੇਨ ਖਿੱਚ ਕੇ ਟਰੇਨ ਨੂੰ ਰੋਕਿਆ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ 9:45 'ਤੇ ਅਲਾਪੁਝਾ-ਕੰਨੂਰ ਐਗਜ਼ੀਕਿਊਟਿਵ ਐਕਸਪ੍ਰੈੱਸ 'ਚ ਵਾਪਰੀ। ਜਿਵੇਂ ਹੀ ਰੇਲਗੱਡੀ ਕੋਝੀਕੋਡ ਪਾਰ ਕੀਤੀ, ਦੋ ਲੋਕਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇੱਕ ਵਿਅਕਤੀ ਨੇ ਦੂਜੇ ਯਾਤਰੀ ਨੂੰ ਅੱਗ ਲਗਾ ਦਿੱਤੀ। ਇਸ ਕਾਰਨ ਹੋਰ ਯਾਤਰੀਆਂ ਨੇ ਚੇਨ ਖਿੱਚ ਕੇ ਟਰੇਨ ਨੂੰ ਰੋਕਿਆ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਰੇਲਵੇ ਪਟੜੀ 'ਤੇ ਪਈਆਂ ਸਨ। ਯਾਤਰੀਆਂ ਨੇ ਪੁਲਿਸ ਨੂੰ ਦੱਸਿਆ ਕਿ ਟਰੇਨ 'ਚੋਂ ਇਕ ਔਰਤ ਅਤੇ ਇਕ ਬੱਚਾ ਲਾਪਤਾ ਹਨ। ਜਦੋਂ ਪੁਲਿਸ ਨੇ ਦੋਵਾਂ ਦੀ ਭਾਲ ਸ਼ੁਰੂ ਕੀਤੀ ਤਾਂ ਇਲਾਥੁਰ ਰੇਲਵੇ ਸਟੇਸ਼ਨ ਦੀ ਪਟੜੀ 'ਤੇ ਔਰਤ, ਬੱਚੇ ਅਤੇ ਇਕ ਆਦਮੀ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਨੂੰ ਸ਼ੱਕ ਹੈ ਕਿ ਜਾਂ ਤਾਂ ਉਸ ਨੇ ਅੱਗ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਾਂ ਟਰੇਨ ਤੋਂ ਡਿੱਗ ਗਿਆ। ਇਸ ਦੇ ਨਾਲ ਹੀ ਪੁਲਿਸ ਵੱਲੋਂ ਮੁਲਜ਼ਮਾਂ ਨੂੰ ਫੜਨ ਲਈ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।