ਬੈਂਗਲੁਰੂ ਏਅਰਪੋਰਟ ‘ਤੇ ਹਿਰਾਸਤ ‘ਚ ਲਿਆ ਗਿਆ ਵਿਅਕਤੀ ਸੰਦੀਪ ਬਰੇਟਾ ਨਹੀਂ ਹੈ : ਪੁਲੀਸ

  • ਫਰੀਦਕੋਟ ਪੁਲੀਸ ਦੀ ਟੀਮ ਨੂੰ ਪਰਤਣਾ ਪਿਆ ਖਾਲੀ ਹੱਥ 

ਬੈਂਗਲੁਰੂ, 24 ਮਈ : ਬਰਗਾੜੀ ਬੇਅਦਬੀ ਕਾਂਡ ਦੇ ਫਰਾਰ ਮੁੱਖ ਸਾਜ਼ਿਸ਼ਕਾਰ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਬੈਕਫੁੱਟ ‘ਤੇ ਆ ਗਈ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਬੈਂਗਲੁਰੂ ਏਅਰਪੋਰਟ ‘ਤੇ ਹਿਰਾਸਤ ‘ਚ ਲਿਆ ਗਿਆ ਵਿਅਕਤੀ ਸੰਦੀਪ ਬਰੇਟਾ ਨਹੀਂ ਹੈ, ਜਿਸ ਕਾਰਨ ਉਸ ਨੂੰ ਹਿਰਾਸਤ ਵਿੱਚ ਲੈਣ ਪਹੁੰਚੀ ਫਰੀਦਕੋਟ ਪੁਲੀਸ ਦੀ ਟੀਮ ਨੂੰ ਖਾਲੀ ਹੱਥ ਪਰਤਣਾ ਪਿਆ। ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਪੰਜਾਬ ਪੁਲਿਸ ਨੇ ਆਪਣੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਸੀ ਕਿ ਸੰਦੀਪ ਬਰੇਟਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਦੇ ਆਧਾਰ ‘ਤੇ ਮੀਡੀਆ ਨੂੰ ਸੰਦੀਪ ਬਰੇਟਾ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਇਸ ਬੰਦੇ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਫਰੀਦਕੋਟ ਪੁਲਿਸ ਦੀ ਟੀਮ ਮੰਗਲਵਾਰ ਸ਼ਾਮ ਨੂੰ ਬੈਂਗਲੁਰੂ ਪਹੁੰਚੀ ਅਤੇ ਰਾਤ ਭਰ ਵਿਅਕਤੀ ਦੀ ਜਾਂਚ ਕੀਤੀ। ਪਰ ਜਾਂਚ ਦੌਰਾਨ ਇਹ ਬੰਦਾ ਸੰਦੀਪ ਬਰੇਟਾ ਨਹੀਂ ਨਿਕਲਿਆ, ਜਿਸ ਤੋਂ ਬਾਅਦ ਟੀਮ ਫਰੀਦਕੋਟ ਪਰਤ ਰਹੀ ਹੈ। ਦੱਸ ਦੇਈਏ ਕਿ ਬਰਗਾੜੀ ਬੇਅਦਬੀ ਦੀਆਂ ਤਿੰਨੋਂ ਘਟਨਾਵਾਂ ਵਿੱਚ ਬਰਗਾੜੀ ਦਾ ਨਾਂ ਆਉਂਦਾ ਹੈ। ਅਦਾਲਤ ਨੇ ਇਨ੍ਹਾਂ ਮਾਮਲਿਆਂ ਵਿੱਚ ਸੰਦੀਪ ਬਰੇਟਾ ਅਤੇ ਕਮੇਟੀ ਦੇ ਦੋ ਹੋਰ ਮੈਂਬਰਾਂ ਹਰਸ਼ ਧੂਰੀ ਅਤੇ ਪ੍ਰਦੀਪ ਕਲੇਰ ਨੂੰ ਵੀ ਭਗੌੜਾ ਕਰਾਰ ਦਿੱਤਾ ਸੀ। ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਤਿੰਨੋਂ ਘਟਨਾਵਾਂ ਵਿੱਚ ਪੰਜਾਬ ਪੁਲਿਸ ਦੀ ਐਸਆਈਟੀ ਨੇ ਰਾਮ ਰਹੀਮ ਅਤੇ ਹੋਰ ਡੇਰਾ ਪੈਰੋਕਾਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਅਤੇ ਅੱਜਕਲ੍ਹ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ। ਪਰ ਸੁਪਰੀਮ ਕੋਰਟ ਨੇ ਦੋਸ਼ੀ ਡੇਰਾ ਪੈਰੋਕਾਰਾਂ ਦੀ ਪਟੀਸ਼ਨ ‘ਤੇ ਤਿੰਨੋਂ ਕੇਸ ਫਰੀਦਕੋਟ ਅਦਾਲਤ ਤੋਂ ਚੰਡੀਗੜ੍ਹ ਤਬਦੀਲ ਕਰ ਦਿੱਤੇ।