ਕਟੜਾ 'ਚ ਇੱਕ ਯਾਤਰੀ ਬੱਸ ਪੁਲ ਤੋਂ ਹੇਠਾਂ ਡਿੱਗੀ, 10 ਲੋਕਾਂ ਦੀ ਮੌਤ, 55 ਗੰਭੀਰ ਜਖ਼ਮੀ

ਕਟੜਾ, 30 ਮਈ : ਅੰਮ੍ਰਿਤਸਰ ਤੋਂ ਕਟੜਾ (ਜੰਮੂ-ਕਸ਼ਮੀਰ) ਜਾ ਰਹੀ ਇਕ ਯਾਤਰੀ ਬੱਸ ਪੁਲ ਤੋਂ ਹੇਠਾਂ ਡਿੱਗ ਗਈ। ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ, ਜਦਕਿ 55 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ ਜਿਨ੍ਹਾਂ ਵਿਚੋਂ ਚਾਰ ਦੀ ਹਾਲਤ ਕਾਫੀ ਗੰਭੀਰ ਹੈ। ਜਾਣਕਾਰੀ ਦਿੰਦਿਆਂ ਜੰਮੂ ਦੇ ਡੀਸੀ ਨੇ ਦੱਸਿਆ ਕਿ ਇਸ ਹਾਦਸੇ 'ਚ ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੱਸ ਵਿਚ 76 ਲੋਕ ਸਵਾਰ ਸਨ ਤੇ ਮਰਨ ਵਾਲੇ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਸਨ ਜੋ ਕੱਟੜਾ ਬੱਚੇ ਦੇ ਮੁੰਡਨ ਕਰਵਾਉਣ ਜਾ ਰਹੇ ਸਨ। ਫਿਲਹਾਲ ਪੁਲਿਸ ਤੇ ਜ਼ਿਲਾ ਪ੍ਰਸ਼ਾਸਨ ਦੇ ਲੋਕ ਮੌਕੇ 'ਤੇ ਪਹੁੰਚ ਗਏ ਹਨ ਅਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਜਾ ਰਹੀ ਸ਼ਰਧਾਲੂਆਂ ਦੀ ਬੱਸ ਜੰਮੂ ਜ਼ਿਲ੍ਹੇ ਦੇ ਝੱਜਰ ਕੋਟਲੀ ਇਲਾਕੇ ਵਿਚ ਇਕ ਪੁਲ ਤੋਂ ਡਿੱਗ ਗਈ। ਇਹ ਸਥਾਨ ਕਟੜਾ ਤੋਂ ਲਗਭਗ 15 ਕਿਲੋਮੀਟਰ ਦੂਰ ਹੈ। ਸੀਆਰਪੀਐਫ ਦੇ ਅਸਿਸਟੈਂਟ ਕਮਾਂਡੈਂਟ ਅਸ਼ੋਕ ਚੌਧਰੀ ਨੇ ਦੱਸਿਆ ਕਿ ਸੀਆਰਪੀਐਫ, ਪੁਲਿਸ ਤੇ ਹੋਰ ਟੀਮਾਂ ਵੀ ਇੱਥੇ ਮੌਜੂਦ ਹਨ। ਐਂਬੂਲੈਂਸ ਬੁਲਾਈ ਗਈ ਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਲਾਸ਼ਾਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ ਹੈ। ਬੱਸ ਦੇ ਹੇਠਾਂ ਕੋਈ ਫਸਿਆ ਹੈ ਜਾਂ ਨਹੀਂ ਇਹ ਦੇਖਣ ਲਈ ਇੱਥੇ ਇਕ ਕਰੇਨ ਲਿਆਂਦੀ ਜਾ ਰਹੀ ਹੈ। ਬਚਾਅ ਕਾਰਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਅੰਮ੍ਰਿਤਸਰ ਤੋਂ ਆ ਰਹੀ ਸੀ ਅਤੇ ਇਸ ਵਿਚ ਬਿਹਾਰ ਦੇ ਲੋਕ ਸਵਾਰ ਸਨ।