ਅੰਮ੍ਰਿਤਪਾਲ ਨੂੰ ਮਿਲਣ ਡਿਬਰੂਗੜ੍ਹ ਜੇਲ੍ਹ ਪਹੁੰਚੇ ਮਾਪੇ

ਡਿਬਰੂਗੜ੍ਹ, 18 ਮਈ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਮਾਪੇ ਅੱਜ ਉਸਨੂੰ ਮਿਲਣ ਲਈ ਅਸਾਮ ਦੀ ਡਿਬਰੂਗੜ੍ਹ ਜੇਲ਼੍ਹ ਪਹੁੰਚੇ ਹਨ। ਜ਼ਿਕਰਯੋਗ ਹੈ ਕਿ 14 ਦਿਨ ਪਹਿਲਾਂ ਅੰਮ੍ਰਿਤਪਾਲ ਨੂੰ ਮਿਲਣ ਲਈ ਉਸ ਦੀ ਪਤਨੀ ਸਮੇਤ ਕਰੀਬ 10 ਲੋਕ ਆਏ ਸਨ। ਅੱਜ ਅੰਮ੍ਰਿਤਾਪਲ ਦੀ ਮਾਤਾ ਬਲਵਿੰਦਰ ਕੌਰ ਅਤੇ ਪਿਤਾ ਤਰਸੇਮ ਸਿੰਘ ਉਸ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਅੰਮ੍ਰਿਤਪਾਲ ਦੇ ਮਾਤਾ-ਪਿਤਾ ਬਰਨਾਲਾ ਤੋਂ ਸਾਬਕਾ ਸੰਸਦ ਮੈਂਬਰ ਤੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਅਤੇ ਇਕ ਹੋਰ ਵਕੀਲ ਬ੍ਰਿਜ ਸ਼ਰਮਾ ਸਮੇਤ ਪਹੁੰਚੇ ਹਨ। ਐਡਵੋਕੇਟ ਬ੍ਰਿਜ ਸ਼ਰਮਾ ਨੇ ਦੱਸਿਆ ਕਿ ਉਹ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਨੂੰ ਮਿਲਣਗੇ। ਉਹ ਪੰਜਾਬ ਦੇ ਉਨ੍ਹਾਂ ਸਾਰੇ ਲੋਕਾਂ ਦੀ ਜ਼ਮਾਨਤ ਲਈ ਅਰਜ਼ੀ ਲਗਾ ਰਹੇ ਹਨ ਜਿਨ੍ਹਾਂ ‘ਤੇ ਐਨਐਸਏ ਨਹੀਂ ਲਗਾਇਆ ਗਿਆ ਹੈ। ਅੱਜ ਜੇਲ੍ਹ ਵਿੱਚ ਮਾਪਿਆਂ ਦੀ ਪਹਿਲੀ ਮੁਲਾਕਾਤ ਹੈ।