'ਸਾਡੀ ਪਾਰਟੀ ਫਾਸੀਵਾਦੀ, ਤਾਨਾਸ਼ਾਹੀ ਪਾਰਟੀ ਨਹੀਂ ਹੈ : ਰਾਹੁਲ ਗਾਂਧੀ

ਜੈਪੁਰ (ਏਜੰਸੀ) : ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੇ 100ਵੇਂ ਦਿਨ ਦੀ ਸਮਾਪਤੀ ਮੌਕੇ ਰਾਜਸਥਾਨ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰੈੱਸ ਕਾਨਫਰੰਸ 'ਚ ਰਾਹੁਲ ਗਾਂਧੀ ਨੇ ਰਾਜਸਥਾਨ ਕਾਂਗਰਸ 'ਚ ਚੱਲ ਰਹੇ ਅੰਦਰੂਨੀ ਕਲੇਸ਼ 'ਤੇ ਟਿੱਪਣੀ ਕੀਤੀ। ਰਾਹੁਲ ਗਾਂਧੀ ਨੇ ਕਿਹਾ, 'ਕਾਂਗਰਸ ਪਾਰਟੀ ਦਾ ਮੁੱਖ ਮੁੱਦਾ ਇਹ ਹੈ ਕਿ ਹੇਠਲੇ ਪੱਧਰ ਦੇ ਵਰਕਰਾਂ ਦੀ ਆਵਾਜ਼ ਸੁਣੀ ਜਾਵੇ। ਉਨ੍ਹਾਂ ਕਿਹਾ, 'ਜਿੱਥੋਂ ਤੱਕ ਬਿਆਨਬਾਜ਼ੀ ਦਾ ਸਵਾਲ ਹੈ, ਇਹ ਪ੍ਰੈਸ ਲਈ ਹੈ। ਤੁਸੀਂ ਲੋਕ ਇਸ ਦਾ ਮਜ਼ਾਕ ਉਡਾਉਂਦੇ ਹੋ, ਇਹ ਤੁਹਾਡੇ ਕਾਗਜ਼ ਵੇਚਦਾ ਹੈ। ਪਰ ਸਾਡੇ ਜਥੇਬੰਦਕ ਢਾਂਚੇ ਵਿੱਚ ਕੋਈ ਸਮੱਸਿਆ ਨਹੀਂ ਹੈ। ਰਾਹੁਲ ਨੇ ਅੱਗੇ ਕਿਹਾ, 'ਸਾਡੀ ਪਾਰਟੀ ਫਾਸੀਵਾਦੀ, ਤਾਨਾਸ਼ਾਹੀ ਪਾਰਟੀ ਨਹੀਂ ਹੈ। ਅਸੀਂ ਚਰਚਾ ਅਤੇ ਬਹਿਸ ਲਈ ਖੁੱਲ੍ਹੇ ਹਾਂ। ਅਸੀਂ ਇਸਨੂੰ ਬਰਦਾਸ਼ਤ ਕਰਦੇ ਹਾਂ। ਅਤੇ ਇਹ ਸਿਰਫ਼ ਰਾਜਸਥਾਨ ਦੀ ਗੱਲ ਨਹੀਂ ਹੈ। ਕਾਂਗਰਸ ਦੀ ਇਹ ਰਵਾਇਤ ਰਹੀ ਹੈ ਕਿ ਜੇਕਰ ਕੋਈ ਪਾਰਟੀ ਆਗੂ ਕੁਝ ਕਹਿਣਾ ਚਾਹੁੰਦਾ ਹੈ ਤਾਂ ਅਸੀਂ ਉਸ ਨੂੰ ਨਹੀਂ ਰੋਕਦੇ। ਰਾਹੁਲ ਨੇ ਅੱਗੇ ਕਿਹਾ ਕਿ ਅਸੀਂ ਸਿਰਫ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਕਿਸੇ ਦੀ ਅਸਹਿਮਤੀ ਨਾਲ ਪਾਰਟੀ ਨੂੰ ਵੱਡਾ ਨੁਕਸਾਨ ਨਾ ਹੋਵੇ।

ਆਉਣ ਵਾਲੀਆਂ ਚੋਣਾਂ 'ਚ ਭਾਜਪਾ ਦੀ ਹੋਵੇਗੀ ਹਾਰ
ਰਾਹੁਲ ਗਾਂਧੀ ਨੇ ਕਿਹਾ, 'ਮੇਰੀ ਗੱਲ ਯਾਦ ਰੱਖੋ, ਕਾਂਗਰਸ ਬੀਜੇਪੀ ਨੂੰ ਹਰਾਉਣ ਵਾਲੀ ਹੈ, ਕਿਉਂਕਿ ਅਸੀਂ ਅਜਿਹੀ ਪਾਰਟੀ ਹਾਂ, ਜੋ ਲੜਨਾ ਬੰਦ ਨਹੀਂ ਕਰੇਗੀ। ਕਈ ਕਾਂਗਰਸੀ ਨੇਤਾਵਾਂ ਦੇ ਪਾਰਟੀ ਛੱਡਣ ਬਾਰੇ ਰਾਹੁਲ ਗਾਂਧੀ ਨੇ ਕਿਹਾ, "ਉਨ੍ਹਾਂ ਦਾ ਪਾਰਟੀ ਛੱਡਣ ਦਾ ਸਵਾਗਤ ਹੈ ਕਿਉਂਕਿ ਉਹ ਭਾਜਪਾ ਨਾਲ ਲੜ ਨਹੀਂ ਸਕਦੇ।" ਰਾਹੁਲ ਨੇ ਇਹ ਵੀ ਕਿਹਾ, 'ਮੈਂ ਇਹ ਨਹੀਂ ਕਹਾਂਗਾ ਕਿ ਕਾਂਗਰਸ ਨੇ ਅਤੀਤ 'ਚ ਕੋਈ ਗਲਤੀ ਨਹੀਂ ਕੀਤੀ। ਮੈਨੂੰ ਵੀ ਲੱਗਦਾ ਹੈ ਕਿ ਮੇਰੇ ਸਮੇਤ ਕਾਂਗਰਸੀ ਆਗੂ ਜਨਤਾ ਤੋਂ ਦੂਰ ਹੋ ਗਏ ਹਨ। ਇਹ ਦੂਰੀ ਸਰੀਰਕ ਦੂਰੀ ਨਹੀਂ ਸਗੋਂ ਦਰਦ ਦੀ ਦੂਰੀ ਹੈ। ਆਪਣੀ ਯਾਤਰਾ ਵਿੱਚ ਅਸੀਂ ਆਮ ਲੋਕਾਂ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਾਂ।'

ਚੀਨ ਜੰਗ ਦੀ ਤਿਆਰੀ ਕਰ ਰਿਹਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਚੀਨ ਜੰਗ ਦੀ ਤਿਆਰੀ ਕਰ ਰਿਹਾ ਹੈ, ਪਰ ਸਾਡੀ ਸਰਕਾਰ ਇਸ ਨੂੰ ਸਵੀਕਾਰ ਨਹੀਂ ਕਰ ਰਹੀ ਹੈ। ਦੱਸ ਦੇਈਏ ਕਿ 9 ਦਸੰਬਰ ਨੂੰ ਸੈਂਕੜੇ ਚੀਨੀ ਸੈਨਿਕ ਭਾਰਤੀ ਚੌਕੀ ਨੂੰ ਹਟਾਉਣ ਲਈ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਆਏ ਸਨ। ਭਾਰਤੀ ਬਲਾਂ ਨੇ ਦਲੇਰੀ ਦਿਖਾਉਂਦੇ ਹੋਏ ਚੀਨੀ ਫੌਜ ਨੂੰ ਪਿੱਛੇ ਧੱਕ ਦਿੱਤਾ। ਇਹ ਮਾਮਲਾ ਵਿਰੋਧੀ ਪਾਰਟੀਆਂ ਨੇ ਸੰਸਦ ਵਿੱਚ ਵੀ ਉਠਾਇਆ ਸੀ।