ਵਿਰੋਧੀ ਪਾਰਟੀ ਨੇ ਗਰੀਬਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਅਤੇ 6 ਦਹਾਕਿਆਂ ਤੋਂ ਦੇਸ਼ ਨੂੰ ਜਾਤ ਦੇ ਆਧਾਰ ’ਤੇ ਵੰਡਿਆ ਹੈ : ਪ੍ਰਧਾਨ ਮੰਤਰੀ ਮੋਦੀ 

ਗਵਾਲੀਅਰ, 02 ਅਕਤੂਬਰ : ਪ੍ਰਧਾਨ ਮੰਤਰੀ ਰਾਜ ਮੱਧ ਪ੍ਰਦੇਸ਼ ਦੇ ਗਵਾਲੀਅਰ ’ਚ 19,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦਾ ਨਾਂ ਲਏ ਬਿਨਾਂ ਤਿੱਖਾ ਹਮਲਾ ਕੀਤਾ ਅਤੇ ਦੋਸ਼ ਲਾਇਆ ਕਿ ਵਿਰੋਧੀ ਪਾਰਟੀ ਨੇ ਗਰੀਬਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਅਤੇ ਛੇ ਦਹਾਕਿਆਂ ਤੋਂ ਦੇਸ਼ ਨੂੰ ਜਾਤ ਦੇ ਆਧਾਰ ’ਤੇ ਵੰਡਿਆ ਹੈ। ਉਹ ਅਜੇ ਵੀ ਇਹ ‘ਪਾਪ’ ਕਰ ਰਹੀ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਬਿਹਾਰ ’ਚ ਨਿਤੀਸ਼ ਕੁਮਾਰ ਸਰਕਾਰ ਵਲੋਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਮਹੀਨੇ ਪਹਿਲਾਂ ਜਾਤ ਸਰਵੇਖਣ ਦੇ ਨਤੀਜੇ ਜਾਰੀ ਕੀਤੇ ਜਾਣ ਤੋਂ ਕੁਝ ਘੰਟੇ ਬਾਅਦ ਆਇਆ ਹੈ, ਜਿਸ ’ਚ ਵਿਖਾਇਆ ਗਿਆ ਹੈ ਕਿ ਓ.ਬੀ.ਸੀ. ਅਤੇ ਈ.ਬੀ.ਸੀ. ਸੂਬੇ ਦੀ ਕੁਲ ਆਬਾਦੀ ਦਾ 63 ਫ਼ੀ ਸਦੀ ਬਣਦੇ ਹਨ। ਕਾਂਗਰਸ ਬਿਹਾਰ ’ਚ ਸੱਤਾਧਾਰੀ ਮਹਾਗਠਜੋੜ ਦਾ ਇਕ ਹਿੱਸਾ ਹੈ ਅਤੇ ਉਸ ਨੇ ਕੇਂਦਰ ’ਚ ਸੱਤਾ ’ਚ ਆਉਣ ’ਤੇ ਦੇਸ਼ ਅੰਦਰ ਜਾਤ ਅਧਾਰਤ ਮਰਦਮਸ਼ੁਮਰੀ ਦਾ ਵਾਅਦਾ ਕੀਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੋ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲੇ ’ਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਕੇਂਦਰ ’ਚ ਸੱਤਾ ’ਚ ਆਉਂਦੀ ਹੈ ਤਾਂ ਉਹ ਦੇਸ਼ ਦੇ ਸਮਾਜ ਦੇ ਸਾਰੇ ਵਰਗਾਂ ਖਾਸ ਕਰ ਕੇ ਹੋਰ ਪਛੜੇ ਵਰਗਾਂ (ਓ.ਬੀ.ਸੀ.) ਨੂੰ ਫਾਇਦਾ ਪਹੁੰਚਾਉਣ ਲਈ ਜਾਤੀ ਅਧਾਰਤ ਮਰਦਮਸ਼ੁਮਾਰੀ ਕਰਵਾਈ ਜਾਵੇਗੀ। ਕਾਂਗਰਸ ਦਾ ਨਾਂ ਲਏ ਬਿਨਾਂ ਮੋਦੀ ਨੇ ਸਵਾਲ ਕੀਤਾ, ‘‘ਦੇਸ਼ ਨੇ ਵਿਕਾਸ ਵਿਰੋਧੀ ਲੋਕਾਂ ਨੂੰ 6 ਦਹਾਕੇ ਦਿਤੇ, 60 ਸਾਲ ਕੋਈ ਛੋਟਾ ਸਮਾਂ ਨਹੀਂ ਹੈ। ਜੇ ਨੌਂ ਸਾਲਾਂ ਵਿਚ ਇੰਨਾ ਕੰਮ ਹੋ ਸਕਦਾ ਹੈ, ਤਾਂ 60 ਸਾਲਾਂ ’ਚ ਕਿੰਨਾ ਕੰਮ ਹੋ ਸਕਦਾ ਹੈ?’’ ਇਸ ਨੂੰ ਕਾਂਗਰਸ ਦੀ ਅਸਫਲਤਾ ਦਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਉਦੋਂ ਵੀ ਉਹ ਗਰੀਬਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਸਨ ਅਤੇ ਅੱਜ ਵੀ ਉਹੀ ਖੇਡ ਖੇਡ ਰਹੇ ਹਨ। ਉਦੋਂ ਵੀ ਉਹ ਜਾਤ-ਪਾਤ ਦੇ ਨਾਂ ’ਤੇ ਸਮਾਜ ਨੂੰ ਵੰਡਦੇ ਸਨ, ਅੱਜ ਵੀ ਉਹੀ ਪਾਪ ਕਰ ਰਹੇ ਹਨ।’’ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ, ‘‘ਪਹਿਲਾਂ ਵੀ ਉਹ ਇਕ ਹੀ ਪਰਿਵਾਰ ਦਾ ਗੁਣਗਾਨ ਕਰਦੇ ਸਨ, ਅੱਜ ਵੀ ਉਨ੍ਹਾਂ ਨੂੰ ਅਜਿਹਾ ਕਰਨ 'ਚ ਅਪਣਾ ਭਵਿੱਖ ਨਜ਼ਰ ਆਉਂਦਾ ਹੈ। ਇਸ ਲਈ ਉਨ੍ਹਾਂ ਨੂੰ ਦੇਸ਼ ਦਾ ਗੌਰਵ ਗੀਤ ਪਸੰਦ ਨਹੀਂ ਹੈ।’’