ਨਿਤਿਨ ਗਡਕਰੀ ਦਾ ਟੋਲ ਸਬੰਧੀ ਵੱਡਾ ਫੈਸਲਾ, ਮੌਜੂਦਾ ਸਿਸਟਮ ਨੂੰ ਕੀਤਾ ਖ਼ਤਮ, ਸੈਟੇਲਾਈਟ ਟੋਲ ਕਲੈਕਸ਼ਨ ਸਿਸਟਮ ਸ਼ੁਰੂ ਕਰਨ ਦਾ ਐਲਾਨ 

ਨਵੀਂ ਦਿੱਲੀ, 26 ਜੁਲਾਈ 2024 : ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਵੱਡਾ ਫੈਸਲਾ ਲੈਂਦਿਆਂ ਮੌਜੂਦਾ ਟੋਲ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੈਟੇਲਾਈਟ ਟੋਲ ਕਲੈਕਸ਼ਨ ਸਿਸਟਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਅੱਜ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਟੋਲ ਖ਼ਤਮ ਕਰ ਰਹੀ ਹੈ ਤੇ ਜਲਦ ਹੀ ਸੈਟੇਲਾਈਟ ਆਧਾਰਿਤ ਟੋਲ ਵਸੂਲੀ ਸਿਸਟਮ ਸ਼ੁਰੂ ਕੀਤਾ ਜਾਵੇਗਾ। ਇਸ ਸਿਸਟਮ ਨੂੰ ਲਾਗੂ ਕਰਨ ਦਾ ਉਦੇਸ਼ ਟੋਲ ਕਲੈਕਸ਼ਨ ਵਧਾਉਣਾ ਤੇ ਟੋਲ ਪਲਾਜ਼ਿਆਂ 'ਤੇ ਭੀੜ ਨੂੰ ਘਟਾਉਣਾ ਹੈ। ਰਾਜ ਸਭਾ 'ਚ ਲਿਖਤੀ ਜਵਾਬ ਦਿੰਦਿਆਂ ਉਨ੍ਹਾਂ ਇਹ ਵੀ ਕਿਹਾ ਸੀ ਕਿ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ (GNSS) ਲਾਗੂ ਕਰਨ ਜਾ ਰਿਹਾ ਹੈ। ਫਿਲਹਾਲ ਅਜਿਹਾ ਸਿਰਫ ਚੁਣੇ ਹੋਏ ਟੋਲ ਪਲਾਜ਼ਿਆਂ 'ਤੇ ਹੀ ਹੋਵੇਗਾ। ਇਸ ਤੋਂ ਪਹਿਲਾਂ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਨਿਤਿਨ ਗਡਕਰੀ ਨੇ ਕਿਹਾ ਸੀ ਕਿ ਹੁਣ ਅਸੀਂ ਟੋਲ ਖਤਮ ਕਰ ਰਹੇ ਹਾਂ ਤੇ ਸੈਟੇਲਾਈਟ ਆਧਾਰਿਤ ਟੋਲ ਕਲੈਕਸ਼ਨ ਸਿਸਟਮ ਹੋਵੇਗਾ। ਤੁਹਾਡੇ ਬੈਂਕ ਖਾਤੇ 'ਚੋਂ ਪੈਸੇ ਕੱਟੇ ਜਾਣਗੇ ਅਤੇ ਤੁਹਾਡੀ ਦੂਰੀ ਦੇ ਹਿਸਾਬ ਨਾਲ ਫੀਸ ਵਸੂਲੀ ਜਾਵੇਗੀ। ਇਸ ਨਾਲ ਸਮਾਂ ਤੇ ਪੈਸੇ ਦੀ ਬਚਤ ਹੋਵੇਗੀ। ਪਹਿਲਾਂ ਮੁੰਬਈ ਤੋਂ ਪੁਣੇ ਜਾਣ ਲਈ 9 ਘੰਟੇ ਲੱਗਦੇ ਸਨ, ਹੁਣ ਇਹ ਘੱਟ ਕੇ 2 ਘੰਟੇ ਰਹਿ ਗਿਆ ਹੈ। ਇਸ ਤੋਂ ਪਹਿਲਾਂ ਦਸੰਬਰ ਮਹੀਨੇ ਗਡਕਰੀ ਨੇ ਐਲਾਨ ਕੀਤਾ ਸੀ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਮਾਰਚ 2024 ਤਕ ਨਵੇਂ ਸਿਸਟਮ ਨੂੰ ਲਾਗੂ ਕਰਨ ਦਾ ਟੀਚਾ ਮਿਥਿਆ ਹੈ। ਵਿਸ਼ਵ ਬੈਂਕ ਨੂੰ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਤੇ ਟੋਲ ਪਲਾਜ਼ਿਆਂ 'ਤੇ ਉਡੀਕ ਸਮੇਂ ਨੂੰ ਘਟਾਉਣ ਦੇ ਯਤਨਾਂ ਬਾਰੇ ਸੂਚਿਤ ਕੀਤਾ ਗਿਆ ਹੈ। FASTag ਦੀ ਸ਼ੁਰੂਆਤ ਨਾਲ ਟੋਲ ਪਲਾਜ਼ਿਆਂ 'ਤੇ ਔਸਤ ਉਡੀਕ ਸਮਾਂ ਕਾਫ਼ੀ ਘਟਿਆ ਹੈ। ਇਸ ਨੂੰ ਕਰਨਾਟਕ ਦੇ NH-275 ਦੇ ਬੈਂਗਲੁਰੂ-ਮੈਸੂਰ ਸੈਕਸ਼ਨ ਅਤੇ ਹਰਿਆਣਾ ਦੇ NH-709 ਦੇ ਪਾਣੀਪਤ-ਹਿਸਾਰ ਸੈਕਸ਼ਨ 'ਤੇ ਅਜ਼ਮਾਇਆ ਜਾ ਚੁੱਕਾ ਹੈ।